ਮਾਲੇਰਕੋਟਲਾ: ਸੀਵਰੇਜ ਬੰਦ ਹੋਣ ਕਾਰਨ ਗਲੀਆਂ ’ਚ ਗੰਦਾ ਪਾਣੀ ਭਰਿਆ
ਕਾਂਗਰਸੀ ਆਗੂਆਂ ਵੱਲੋਂ ਡੀਸੀ ਨੂੰ ਮੰਗ ਪੱਤਰ; ਨਿਕਾਸੀ ਪ੍ਰਬੰਧਾਂ ਦੀ ਮੰਗ ਕੀਤੀ
Advertisement
ਸ਼ਹਿਰ ਵਿੱਚ ਸੀਵਰੇਜ ਬੰਦ ਹੋਣ ਕਾਰਨ ਪਾਣੀ ਦੇ ਨਿਕਾਸੀ ਪ੍ਰਬੰਧਾਂ ਦਾ ਮਾੜਾ ਹਾਲ ਹੈ। ਗੰਦੇ ਪਾਣੀ ਨਾਲ ਨੱਕੋ ਨੱਕ ਭਰੀਆਂ ਗਲੀਆਂ ਤੋਂ ਖਫ਼ਾ ਮਾਲੇਰਕੋਟਲਾ ਦੇ ਕਾਂਗਰਸੀਆਂ ਨੇ ਅੱਜ ਡੀਸੀ ਮਾਲੇਰਕੋਟਲਾ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਨਿਕਾਸੀ ਨਾਲਿਆਂ ਦੀ ਸਫਾਈ ਅਤੇ ਸ਼ਹਿਰ ਦੇ ਅੰਦਰੂਨੀ ਨਾਲੇ ਨੂੰ ਬੰਦ ਕਰ ਕੇ ਪਾਈਪਾਂ ਪਾਉਣ ਦੇ ਨਾਂ ਹੇਠ ਹੋਈ ਕਥਿਤ ਵੱਡੇ ਘਪਲੇਬਾਜ਼ੀ ਦੀ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਬਲਾਕ ਕਾਂਗਰਸ ਪ੍ਰਧਾਨ ਅਕਰਮ ਲਿਬੜਾ, ਮੁਹੰਮਦ ਅਨਵਾਰ ਮਹਿਬੂਬ, ਮੀਡੀਆ ਇੰਚਾਰਜ ਮਹਿਮੂਦ ਰਾਣਾ ਅਤੇ ਮਨੋਜ ਉੱਪਲ ਸਮੇਤ ਵੱਡੀ ਗਿਣਤੀ ਕਾਂਗਰਸੀ ਕੌਂਸਲਰਾਂ ਵੱਲੋਂ ਦਿੱਤੇ ਮੰਗ ਪੱਤਰ ਰਾਹੀਂ ਡੀਸੀ ਨੂੰ ਦੱਸਿਆ ਗਿਆ ਕਿ ਮਾਲੇਰਕੋਟਲਾ ਸ਼ਹਿਰ ਦੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਸੀਵਰੇਜ ਸਿਸਟਮ ਦੇ ਮੇਨ ਹੋਲਾਂ ਵਿਚੋਂ ਗੰਦਾ ਪਾਣੀ ਉਬਾਲੇ ਮਾਰ ਰਿਹਾ ਹੈ। ਬਰਸਾਤ ਦੇ ਮੌਸਮ ਵਿਚ ਇਸ ਵੇਲੇ ਸ਼ਹਿਰ ਦੇ ਹਰ ਗਲੀ ਮੁਹੱਲੇ ਅੰਦਰ ਬਰਸਾਤੀ ਅਤੇ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਖੜ੍ਹਾ ਹੈ। ਸਭ ਤੋਂ ਮਾੜਾ ਹਾਲ ਮੁਹੱਲਾ ਮਾਲੇਰ, ਸਾਦੇਵਾਲਾ ਅਤੇ ਮਾਲੇਰ ਬਜ਼ਾਰ ਵਿਚ ਦੇਖਿਆ ਜਾ ਸਕਦਾ ਹੈ ਜਿਥੇ ਮਾਮੂਲੀ ਮੀਂਹ ਨਾਲ ਹੀ ਪੰਜ ਪੰਜ ਫੁੱਟ ਪਾਣੀ ਭਰ ਜਾਂਦਾ ਹੈ। ਕਾਂਗਰਸੀ ਆਗੂਆਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਹਰ ਸਾਲ ਬਰਸਾਤੀ ਮੌਸਮ ਤੋਂ ਪਹਿਲਾਂ ਕਰਵਾਈ ਜਾਂਦੀ ਸ਼ਹਿਰ ਦੇ ਸਮੁੱਚੇ ਸੀਵਰੇਜ ਦੀ ਸਫ਼ਾਈ ਨਵੀਂ ਸਰਕਾਰ ਆਉਣ ਪਿੱਛੋਂ ਸਿਰਫ਼ ਕਾਗਜ਼ਾਂ ਵਿੱਚ ਕਰਵਾ ਕੇ ਕਥਿਤ ਘਪਲਾ ਕੀਤਾ ਜਾ ਰਿਹਾ ਹੈ। ਬਰਸਾਤੀ ਤੇ ਗੰਦੇ ਪਾਣੀ ਕਾਰਨ ਸ਼ਹਿਰ ਅੰਦਰ ਫੈਲ ਰਹੀਆਂ ਬਿਮਾਰੀਆਂ ਲਈ ਨਗਰ ਕੌਂਸਲ ਦੇ ਕਥਿਤ ਘਟੀਆ ਪ੍ਰਬੰਧਾਂ ਨੂੰ ਜ਼ਿੰਮੇਵਾਰ ਦੱਸਦਿਆਂ ਕਾਂਗਰਸੀ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਜੇਕਰ ਸਰਕਾਰ ਨੇ ਦਸ ਦਿਨਾਂ ਅੰਦਰ ਸੀਵਰੇਜ ਸਿਸਟਮ ਨੂੰ ਦਰੁਸਤ ਨਾ ਕੀਤਾ ਤਾਂ ਕਾਂਗਰਸ ਪਾਰਟੀ ਸੰਘਰਸ਼ ਲਈ ਮਜਬੂਰ ਹੋਵੇਗੀ।
Advertisement
Advertisement