ਮਹਿੰਦੀ ਤੇ ਰਵਾਇਤੀ ਪਹਿਰਾਵੇ ’ਚ ਮਾਲੇਰਕੋਟਲਾ ਮੋਹਰੀ
ਡੀ ਡੀ ਓ ਕਮ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਦੀ ਸਰਪ੍ਰਸਤੀ ਅਤੇ ਕਾਰਜਕਾਲੀ ਪ੍ਰਿੰਸੀਪਲ ਪ੍ਰੋ. ਅਰਵਿੰਦ ਕੌਰ ਮੰਡ ਦੀ ਰਹਿਨੁਮਾਈ ਹੇਠ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਯੂਥ ਫੈਸਟੀਵਲ ਕੋਆਰਡੀਨੇਟਰ ਹਰਿਗੁਰਪ੍ਰਤਾਪ ਸਿੰਘ, ਕੋ-ਕੋਆਰਡੀਨੇਟਰ ਡਾ. ਅਚਿਲ ਵਿਸ਼ਾਲ ਅਤੇ ਪ੍ਰੋ. ਜਗਤਾਰ ਸਿੰਘ ਦੀ ਨਿਗਰਾਨੀ ਹੇਠ ਵੱਖ-ਵੱਖ ਵੰਨਗੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਫੈਸਟੀਵਲ ਦੌਰਾਨ ਮਾਲੇਰਕੋਟਲਾ ਕਾਲਜ ਦੇ ਵਿਦਿਆਰਥੀਆਂ ਨੇ ਫੋਕ ਆਰਕੈਸਟਰਾ, ਮਹਿੰਦੀ, ਰਵਾਇਤੀ ਪਹਿਰਾਵਾ ਵਿੱਚ ਪਹਿਲਾ ਸਥਾਨ, ਲੁੱਡੀ (ਲੜਕੀਆਂ), ਝੂੰਮਰ (ਲੜਕੇ), ਮਮਿਕਰੀ ਅਤੇ ਕੁਇਜ਼ ਵਿੱਚ ਦੂਜਾ ਸਥਾਨ ਅਤੇ ਭੰਡ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ। ਗਿੱਧਾ, ਰਵਾਇਤੀ ਲੋਕ ਗੀਤ, ਲੋਕ ਗੀਤ, ਲੋਕ ਸਾਜ, ਸਕਿੱਟ, ਭਾਸ਼ਣ ਕਲਾ, ਰੰਗੋਲੀ, ਮੌਕੇ ਤੇ ਚਿੱਤਰਕਾਰੀ ਅਤੇ ਲੋਕ ਕਲਾਵਾਂ ਵਿੱਚ ਵੀ ਮਾਲੇਰਕੋਟਲਾ ਦੇ ਵਿਦਿਆਰਥੀ ਛਾਏ ਰਹੇ। ਜ਼ੋਨਲ ਯੂਥ ਫੈਸਟੀਵਲ ਜਿੱਤ ਕੇ ਪਰਤੇ ਕਾਲਜ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡੀ ਡੀ ਓ ਕਮ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਅਰਵਿੰਦ ਕੌਰ ਮੰਡ ਨੇ ਕਿਹਾ ਕਿ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਅਤੇ ਸਟਾਫ ਦੀ ਸਖਤ ਘਾਲਣਾ ਸਿਰ ਬੱਝਦਾ ਹੈ।
ਕੋਆਰਡੀਨੇਟਰ ਹਰਿਗੁਰਪ੍ਰਤਾਪ ਸਿੰਘ ਨੇ ਸਹਿਯੋਗ ਲਈ ਪ੍ਰਿੰਸੀਪਲ ਅਤੇ ਸਮੁੱਚੀ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਵਿਦਿਆਰਥੀ ਅਗਲੇ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਮੁਕਾਮ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕਰਨਗੇ।
