ਮਾਲੇਰਕੋਟਲਾ: ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 405 ਲਾਭਪਾਤਰੀ ਰਜਿਸਟਰਡ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 25 ਜੂਨ
‘ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ’ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੀਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ 405 ਮਾਵਾਂ ਨੂੰ 14 ਲੱਖ 46 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਹ ਜਾਣਕਾਰੀ ਡੀਸੀ ਵਿਰਾਜ ਐੱਸ ਤਿੜਕੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਕੀਮ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਮਾਜਿਕ ਅਤੇ ਆਰਥਿਕ ਤੌਰ ’ਤੇ ਪਛੜੇ ਵਰਗਾਂ ਨਾਲ ਸਬੰਧਤ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਚਲਾਈ ਗਈ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਲੇਰਕੋਟਲਾ ਨੇ ਦੱਸਿਆ ਕਿ ਸਬੰਧਤ ਲਾਭਪਾਤਰੀ ਨੂੰ ਇਸ ਸਕੀਮ ਤਹਿਤ ਲਾਭ ਲੈਣ ਲਈ ਨੇੜੇ ਦੇ ਆਂਗਣਵਾੜੀ ਕੇਂਦਰ ਵਿੱਚ ਆਪਣੇ-ਆਪ ਨੂੰ ਰਜਿਸਟਰਡ ਕਰਵਾਉਣਾ ਲਾਜ਼ਮੀ ਹੈ ਅਤੇ ਉਸੇ ਆਂਗਣਵਾੜੀ ਕੇਂਦਰ ਵਿੱਚ ਹੀ ਇਨ੍ਹਾਂ ਦਾ ਐੱਫ.ਆਰ.ਐੱਸ. ਅਤੇ ਆਧਾਰ ਵੈਰੀਫਿਕੇਸ਼ਨ ਪ੍ਰਣਾਲੀ ਰਾਹੀਂ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਨੇੜਲੇ ਆਂਗਣਵਾੜੀ ਸੈਂਟਰ ਜਾਂ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ, ਮਾਲੇਰਕੋਟਲਾ ਅਤੇ ਅਹਿਮਦਗੜ੍ਹ ਦੇ ਦਫ਼ਤਰ ਨਾਲ ਸੰਪਰਕ ਕਰਨ।