ਭਵਾਨੀਗੜ੍ਹ ਮੁੱਖ ਮਾਰਗ ’ਤੇ ਸ਼ਰਾਬ ਦਾ ਠੇਕਾ ਲੁੱਟਿਆ
ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਨਕਦੀ ਲੁੱਟ ਕੇ ਫ਼ਰਾਰ
Advertisement
ਇੱਥੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ’ਤੇ ਧਰਮ ਕੰਡੇ ਨੇੜੇ ਸਥਿਤ ਸ਼ਰਾਬ ਦੇ ਠੇਕੇ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਲੁਟੇਰੇ 42 ਲੱਖ 800 ਰੁਪਏ ਲੁੱਟ ਕੇ ਫ਼ਰਾਰ ਹੋ ਗਏ।
Advertisement
ਇਸ ਸਬੰਧੀ ਠੇਕੇਦਾਰ ਸੰਜੀਵ ਕੁਮਾਰ ਸ਼ੈਂਟੀ ਅਤੇ ਕੇਸ਼ਵ ਕਾਂਸਲ ਵੱਲੋਂ ਥਾਣਾ ਭਵਾਨੀਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਕਿ ਤਿੰਨ ਅਣਪਛਾਤੇ ਵਿਅਕਤੀ ਸ਼ਰਾਬ ਲੈਣ ਦੇ ਬਹਾਨੇ ਠੇਕੇ ਵਿਚ ਦਾਖਲ ਹੋਏ। ਪਹਿਲਾਂ ਉਨ੍ਹਾਂ ਨੇ ਸ਼ਰਾਬ ਦੀ ਮੰਗ ਕੀਤੀ,ਪਰ ਬਾਅਦ ਵਿੱਚ ਉਨ੍ਹਾਂ ਨੇ ਠੇਕੇ ਦੇ ਕਰਿੰਦੇ ਸੁਰਜੀਤ ਨੂੰ ਧਮਕਾਉਂਦੇ ਹੋਏ ਸਾਰੀ ਨਕ਼ਦੀ ਦੇਣ ਲਈ ਕਿਹਾ। ਇਕ ਲੁਟੇਰੇ ਨੇ ਕਰਿੰਦੇ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਉਪਰੰਤ ਉਹ ਠੇਕੇ ਦੇ ਕਾਊਂਟਰ ਵਿੱਚੋਂ ਨਕਦੀ ਲੁੱਟ ਕੇ ਫ਼ਰਾਰ ਹੋ ਗਏ।
ਇਸ ਸਬੰਧੀ ਡੀਐਸਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਅਤੇ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Advertisement
