ਲਾਈਟ ਐਂਡ ਸਾਊਂਡ ਸ਼ੋਅ ਨੇ ਸ਼ਰਧਾਲੂਆਂ ਨੂੰ ਰੂਹਾਨੀ ਰੰਗ ’ਚ ਰੰਗਿਆ
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮਾਂ ਦੀ ਲੜੀ ਤਹਿਤ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ‘ਹਿੰਦ ਦੀ ਚਾਦਰ’ ਨਾਮਕ ਵਿਸ਼ਾਲ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਸਮਾਗਮ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਮਾਲ, ਪੁਨਰਵਾਸ ਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਡਾ. ਜਮੀਲ ਉਰ-ਰਹਿਮਾਨ, ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਡਿਪਟੀ ਕਮਿਸ਼ਨਰ ਵਿਰਾਜ ਐੱਸ ਤਿੜਕੇ ਅਤੇ ਐੱਸ ਐੱਸ ਪੀ ਗਗਨ ਅਜੀਤ ਸਿੰਘ ਸਣੇ ਜ਼ਿਲ੍ਹੇ ਭਰ ਦੇ ਸਾਰੇ ਅਧਿਕਾਰੀ ਮੌਜੂਦ ਰਹੇ। ਧਰਮ, ਮਨੁੱਖੀ ਅਧਿਕਾਰਾਂ ਅਤੇ ਸੱਚ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੇ ਪਿਆਰੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਣੇ ਗੁਰੂ ਤੇਗ ਬਹਾਦਰ ਵੱਲੋਂ ਦਿੱਤੀ ਅਦੁੱਤੀ ਸ਼ਹਾਦਤ ਨੂੰ ਡਿਜੀਟਲ ਤਕਨਾਲੋਜੀ ਰਾਹੀਂ ਬਹੁਤ ਹੀ ਸੁੰਦਰਤਾ ਨਾਲ ਪੇਸ਼ ਕੀਤਾ ਗਿਆ। ਢਾਡੀ ਜਥੇ ਹਰਮਿੰਦਰ ਸਿੰਘ ਵੱਲੋਂ ਵਾਰਾਂ ਦੇ ਗਾਇਨ ਨੇ ਇਸ ਪਵਿੱਤਰ ਰੂਹਾਨੀ ਮਾਹੌਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ। ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਬਲੀਦਾਨ ’ਤੇ ਚਾਨਣਾ ਪਾਉਣ ਲਈ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਹੈ, ਤਾਂ ਜੋ ਨੌਜਵਾਨ ਪੀੜ੍ਹੀ ਇਸ ਨਾਲ ਗਹਿਰਾਈ ਨਾਲ ਜੁੜ ਸਕੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23, 24 ਅਤੇ 25 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
