ਜ਼ਮੀਨੀ ਵਿਵਾਦ: ਬੀਕੇਯੂ ਏਕਤਾ ਉਗਰਾਹਾਂ ਨੇ ਝੋਨਾ ਲਾਇਆ
ਬੀਰਬਲ ਰਿਸ਼ੀ
ਸ਼ੇਰਪੁਰ, 11 ਜੁਲਾਈ
ਜਹਾਂਗੀਰ ਜ਼ਮੀਨੀ ਵਿਵਾਦ ਦਾ ਕੋਈ ਸਾਰਥਿਕ ਹੱਲ ਹੋਣ ਦੀ ਥਾਂ ਇਹ ਦਨਿੋ-ਦਨਿ ਵਧਦਾ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਵਿਵਾਦਤ ਜ਼ਮੀਨ ’ਚ ਝੋਨਾ ਲਗਾ ਦਿੱਤਾ। ਰਹਿੰਦਾ ਝੋਨਾ 12 ਜੁਲਾਈ ਸ਼ਾਮ ਤੱਕ ਲਗਾਉਣ ਦਾ ਟੀਚਾ ਮਿੱਥਿਆ ਹੈ। ਉੱਧਰ ਸਾਬਕਾ ਸਰਪੰਚ ਗੁਰਚਰਨ ਸਿੰਘ ਦੇ ਹੱਕ ਵਿੱਚ ਡਟੇ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਅੱਜ ਭਲਕ ਤੋਂ ਸੰਘਰਸ਼ ਦਾ ਆਗਾਜ਼ ਕਰਨ ਦਾ ਦਾਅਵਾ ਕਰਦਿਆਂ ਪੁਲੀਸ ਕਾਰਵਾਈ ਅਤੇ ਉੱਚ ਅਦਾਲਤ ਦਾ ਫ਼ੈਸਲਾ ਆਉਣ ਤੱਕ ਧਾਰਾ 145 ਲਗਾਉਣ ਦੀ ਪੈਰਵੀ ਕੀਤੀ।
ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਪ੍ਰੈਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਨੇ ਅੱਜ ਜਥੇਬੰਦੀਆਂ ਕਾਰਕੁਨ ਬੀਬੀਆਂ ਅਤੇ ਹੋਰਨਾਂ ਨੇ ਪੰਜ ਵਿੱਘੇ ਜ਼ਮੀਨ ’ਚ ਝੋਨਾ ਲਗਾ ਦਿੱਤਾ ਬਾਕੀ ਭਲਕੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤਕਰੀਬਨ ਦੋ ਵਿੱਘੇ ਜਗ੍ਹਾ ’ਚ ਟੈਂਟ ਲੱਗਿਆ ਰਹੇਗਾ। ਆਗੂਆਂ ਨੂੰ ਪ੍ਰਸ਼ਾਸਨ ਵੱਲੋਂ ਜ਼ਮੀਨ ਖਾਲੀ ਕਰਵਾਉਣ ਦੀਆਂ ਕੋਸ਼ਿਸ਼ਾਂ ਸਬੰਧੀ ਪੁੱਛਣ ’ ਉਨ੍ਹਾਂ ਕਿਹਾ ਕਿ ਜਥੇਬੰਦੀ ਪੱਕੇ ਧਰਨੇ ’ਤੇ ਡਟੀ ਰਹੇਗੀ।
ਸੂਤਰਾਂ ਅਨੁਸਾਰ ਅੱਜ ਬੀਕੇਯੂ ਡਕੌਂਦਾ ਦੇ ਆਗੂਆਂ ਵੱਲੋਂ ਪ੍ਰਸ਼ਾਸਨ ਨੂੰ ਦਿਖਾਏ ਤਿੱਖੇ ਤੇਵਰਾਂ ਮਗਰੋਂ ਉਨ੍ਹਾਂ ਦੀ ਧਿਰ ਦੇ ਸਬੰਧਤ ਵਿਅਕਤੀਆਂ ਦੇ ਬਿਆਨ ਲਏ ਗਏ ਤੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਰੁਝੇਵੇਂ ਹੋਣ ਕਾਰਨ ਗੱਲ ਕਰਨ ਤੋਂ ਅਸਮਰੱਥਾ ਪ੍ਰਗਟਾਈ।
ਡੀਐੱਸਪੀ ਵੱਲੋਂ ਮਸਲੇ ਦੇ ਹੱਲ ਲਈ ਸਹਿਯੋਗ ਦੀ ਅਪੀਲ
ਡੀਐਸਪੀ ਕਰਨ ਸੰਧੂ ਨੇ ਕਿਹਾ ਕਿ ਮਸਲੇ ਦੇ ਨਿਬੇੜੇ ਲਈ ਦੋਵੇਂ ਧਿਰਾਂ ਨੂੰ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਹਾਲਾਤ ਅਨੁਸਾਰ ਕਾਨੂੰਨ ਕਾਰਵਾਈ ਕੀਤੀ ਜਾਵੇਗੀ।