ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਨੌਰੀ ਬਾਰਡਰ: ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਗਰਜੇ ਕਿਸਾਨ

ਜੀਂਦ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ ਕਿਸਾਨ ਰਵਿੰਦਰ ਸਿੰਘ ਰਵੀ ਦਾ ਵਿਸ਼ੇਸ਼ ਸਨਮਾਨ
ਖਨੌਰੀ ਬਾਰਡਰ ’ਤੇ ਰਵਿੰਦਰ ਸਿੰਘ ਰਵੀ ਦਾ ਸਨਮਾਨ ਕਰਦੇ ਹੋਏ ਕਿਸਾਨ ਆਗੂ।
Advertisement

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ

ਸੰਗਰੂਰ/ਖਨੌਰੀ, 10 ਅਪਰੈਲ

Advertisement

ਖਨੌਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸਟੇਜ ਤੋਂ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਸਣੇ ਵੱਖ-ਵੱਖ ਕਿਸਾਨ ਆਗੂ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਖ਼ਿਲਾਫ਼ ਗਰਜੇ। ਕਿਸਾਨਾਂ ਨੇ ਖਨੌਰੀ ਬਾਰਡਰ ’ਤੇ ਬਿਜਲੀ, ਪਾਣੀ ਆਦਿ ਦੀਆਂ ਸਹੂਲਤਾਂ ਦਾ ਪ੍ਰਬੰਧ ਨਾ ਕਰਨ ’ਤੇ ਪੰਜਾਬ ਸਰਕਾਰ ਦੀ ਵੀ ਤਿੱਖੀ ਆਲੋਚਨਾ ਕੀਤੀ। ਬੁਲਾਰਿਆਂ ਨੇ ਕਿਸਾਨਾਂ ਨੂੰ ਅੰਦੋਲਨ ਦੌਰਾਨ ਬੁਲੰਦ ਹੌਸਲੇ ਨਾਲ ਡਟੇ ਰਹਿਣ ਦਾ ਸੱਦਾ ਦਿੱਤਾ ਹੈ।

ਅੱਜ ਖਨੌਰੀ ਬਾਰਡਰ ਦੀ ਸਟੇਜ ਤੋਂ ਕਿਸਾਨ ਰਵਿੰਦਰ ਸਿੰਘ ਰਵੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਜੋ ਕਿ ਹਰਿਆਣਾ ਦੀ ਜੀਂਦ ਜੇਲ੍ਹ ਵਿਚ ਬੰਦ ਸੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿੰਨੇ ਵੀ ਕਿਸਾਨ ਹਰਿਆਣਾ ਪੁਲੀਸ ਵੱਲੋਂ ਹਿਰਾਸਤ ਵਿਚ ਲਏ ਗਏ ਸਨ, ਉਨ੍ਹਾਂ ਉਪਰ ਤਸ਼ੱਦਦ ਤਾਂ ਕੀਤਾ ਗਿਆ ਹੈ ਪਰ ਰਵਿੰਦਰ ਸਿੰਘ ਰਵੀ ਨੇ ਇੱਕ ਅਹਿਮ ਗੱਲ ਦੱਸੀ ਹੈ ਕਿ ਜਿਸ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ, ਉਹ ਪੁਲੀਸ ਮੁਲਾਜ਼ਮ ਨਹੀਂ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਰਵੱਈਆ ਕਿਸਾਨ ਵਿਰੋਧੀ ਹੈ।

ਸ੍ਰੀ ਡੱਲੇਵਾਲ ਨੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਖਨੌਰੀ ਬਾਰਡਰ ’ਤੇ ਅਜੇ ਤੱਕ ਅੰਦੋਲਨਕਾਰੀ ਕਿਸਾਨਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ, ਯਾਦਵਿੰਦਰ ਸਿੰਘ, ਇੰਦਰਜੀਤ ਸਿੰਘ ਕੋਟਬੁੱਢਾ, ਸੁਖਜਿੰਦਰ ਖੋਸਾ, ਮਨਜੀਤ ਸਿੰਘ ਨਿਆਲ, ਸੰਤੋਖ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਸ਼ੰਭੂ ਬਾਰਡਰ ’ਤੇ ਸਰਗਰਮ ਕਿਸਾਨ ਦੀ ਸੜਕ ਹਾਦਸੇ ’ਚ ਮੌਤ

ਪਟਿਆਲਾ (ਖੇਤਰੀ ਪ੍ਰਤੀਨਿਧ): ਸ਼ੰਭੂ ਬਾਰਡਰ ’ਤੇ ਸਰਗਰਮ ਰਹੇ ਇੱਕ ਹੋਰ ਕਿਸਾਨ ਦੀ ਅੱਜ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸੂਬਾਈ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਅਗਵਾਈ ਹੇਠਲੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸਬੰਧਤ 75 ਸਾਲਾ ਮੇਜਰ ਸਿੰਘ ਪੁੱਤਰ ਜੋਰਾ ਸਿੰਘ ਨਾਮ ਦਾ ਇਹ ਕਿਸਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੰਡਵਾਲਾ ਦਾ ਰਹਿਣ ਵਾਲਾ ਸੀ। ਅੱਜ ਉਹ ਜਦੋਂ ਗਗਨ ਚੌਕ ਰਾਜਪੁਰਾ ਵਿੱਚ ਖੜ੍ਹਾ ਸੀ ਤਾਂ ਇੱਕ ਟਰੈਕਟਰ ਟਰਾਲੀ ਦੀ ਲਪੇਟ ’ਚ ਆ ਗਿਆ। ਭਾਵੇਂ ਮੌਕੇ ’ਤੇ ਮੌਜੂਦ ਟਰੈਫਿਕ ਪੁਲੀਸ ਦੇ ਮੁਲਾਜ਼ਮ ਨੇ ਮੇਜਰ ਸਿੰਘ ਨੂੰ ਫੁਰਤੀ ਨਾਲ ਨੀਲਮ ਹਸਪਤਾਲ ਪਹੁੰਚਾਇਆ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜਪੁਰਾ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਇਸ ਬਾਬਤ ਰਾਜਪੁਰਾ ਪੁਲੀਸ ਨੇ ਟਰੈਕਟਰ ਟਰਾਲੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਕਿਸਾਨ ਅੰਦੋਲਨ-2 ਦੌਰਾਨ ਹੁਣ ਤੱਕ ਕੁੱਲ 15 ਮੌਤਾਂ ਹੋ ਗਈਆਂ ਹਨ।

Advertisement
Show comments