ਕਲਿਆਣ ਸੁੱਖਾ ਦੀ ਟੀਮ ਨੇ ਜਿੱਤਿਆ ਕਬੱਡੀ ਕੱਪ
ਅਮਰਗੜ੍ਹ ਇਲਾਕੇ ਦਾ ਮਸ਼ਹੂਰ ਡਾ. ਕੁਲਵੰਤ ਸਿੰਘ ਯਾਦਗਾਰੀ ਕਬੱਡੀ ਕੱਪ ਚੇਅਰਮੈਨ ਜਸਵੰਤ ਸਿੰਘ ਕਾਲਾ, ਪ੍ਰਧਾਨ ਹਰਪ੍ਰੀਤ ਸਿੰਘ ਟਿਵਾਣਾ ਤੇ ਸਰਪ੍ਰਸਤ ਲਖਬੀਰ ਸਿੰਘ ਨਿੱਕਾ ਦੀ ਅਗਵਾਈ ਹੇਠ ਇੱਥੇ ਸੀਨੀਅਰ ਸੈਕੰਡਰੀ ਸਕੂਲ ਸਟੇਡੀਅਮ ਵਿੱਚ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਅੱਠ ਚੋਟੀ ਦੀਆਂ ਟੀਮਾਂ ਵਿੱਚੋਂ ਕਲਿਆਣ ਸੁੱਖਾ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਜੇਤੂ ਟੀਮ ਨੂੰ ਪਹਿਲਾ ਇਨਾਮ ਇੱਕ ਲੱਖ ਰੁਪਏ ਲਾਲੀ ਮਡਾਹੜ ਆਸਟਰੇਲੀਆ ਵੱਲੋਂ ਦਿੱਤਾ ਗਿਆ। ਕਾਲੋਕੇ ਦੀ ਟੀਮ ਨੂੰ ਦੂਜਾ ਇਨਾਮ 71,000 ਰੁਪਏ ਆਸ਼ੂ ਆਸਟਰੇਲੀਆ ਵੱਲੋਂ ਦਿੱਤਾ ਗਿਆ। ਬੈਸਟ ਰੇਡਰ ਦੀਪ ਦਬੁਰਜੀ ਨੂੰ 31,000 ਰੁਪਏ ਦਾ ਇਨਾਮ, ਜਗਜੀਵਨ ਸਿੰਘ ਗੱਗੀ ਅਲੀਪੁਰ ਵੱਲੋਂ ਅਤੇ ਬੈਸਟ ਜਾਫੀ ਬਿੱਲਾ ਢੋਡੇ ਨੂੰ 31,000 ਰੁਪਏ ਦਾ ਇਨਾਮ ਗੁਰਸਿਮਰਨ ਸੋਹੀ ਕੈਨੇਡਾ ਵੱਲੋਂ ਦਿੱਤਾ ਗਿਆ। ਇਸ ਤੋਂ ਇਲਾਵਾ ਕਬੱਡੀ 65 ਕਿਲੋ ਵਿੱਚ ਪਹਿਲਾ ਇਨਾਮ 11000 ਹਜ਼ਾਰ ਰੁਪਏ ਅਤੇ ਦੂਸਰਾ ਇਨਾਮ 7100 ਰੁਪਏ ਦਿੱਤਾ ਗਿਆ। ਕਬੱਡੀ 45 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦਾ ਮੈਚ ਵੀ ਕਰਵਾਇਆ ਗਿਆ। ਲੜਕੀਆਂ ਦੀ ਕਬੱਡੀ ਟੀਮਾਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਲਾਲੀ ਮੜਾਹੜ ਆਸਟਰੇਲੀਆ ਵੱਲੋਂ ਕਬੱਡੀ ਖੇਡ ਵਾਲੀਆਂ ਲੜਕੀਆਂ ਨੂੰ 11 ਹਜ਼ਾਰ ਰੁਪਏ ਇਨਾਮ ਦਿੱਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਭੀਮ ਸਿੰਘ ਵੜੈਚ ਤੋਲੇਵਾਲ, ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦੇ ਭਰਾ ਕੁਲਵੰਤ ਸਿੰਘ ਗੱਜਣ ਮਾਜਰਾ, ਭਾਜਪਾ ਹਲਕਾ ਇੰਚਾਰਜ ਹੀਰਾ ਸਿੰਘ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਲਗਵਾਈ। ਜੇਤੂ ਟੀਮਾਂ ਦਾ ਸਨਮਾਨ ਕਰਦੇ ਹੋਏ ਕਾਂਗਰਸੀ ਆਗੂ ਕਮਲਪ੍ਰੀਤ ਧਾਲੀਵਾਲ।
