ਕੰਧ ਦੇ ਮਸਲੇ ਨੂੰ ਵਕੀਲ ਬਨਾਮ ਵਿਧਾਇਕ ਬਣਾਉਣਾ ਠੀਕ ਨਹੀਂ: ਭਰਾਜ
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸ਼ਹਿਰ ਦੀ ਫਰੈਡਜ਼ ਕਲੋਨੀ ਵਿੱਚ ਇੱਕ ਪਲਾਟ ਦੀ ਕੰਧ ਦੇ ਮਸਲੇ ਨੂੰ ਸੰਗਰੂਰ ਦੇ ਵਕੀਲਾਂ ਬਨਾਮ ਵਿਧਾਇਕ ਦਾ ਮਸਲਾ ਬਣਾ ਕੇ ਰੱਖ ਦਿੱਤਾ ਹੈ ਜਦਕਿ ਇਹ ਮਸਲਾ ਇੱਕ ਵਿਅਕਤੀ ਅਤੇ ਕਲੋਨੀ ਦੀ ਗਲੀ ਨੰਬਰ 7 ਦੇ ਵਸਨੀਕਾਂ ਨਾਲ ਸਬੰਧਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਸਲੇ ਨਾਲ ਉਨ੍ਹਾਂ ਦੀ ਕੋਈ ਨਿੱਜੀ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਕਲੋਨੀ ਵਿੱਚ ਉਨ੍ਹਾਂ ਦਾ ਕੋਈ ਪਲਾਟ ਹੈ। ਵਿਧਾਇਕਾ ਨਰਿੰਦਰ ਕੌਰ ਭਰਾਜ ਆਪਣੀ ਰਿਹਾਇਸ਼ ਨੇੜੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕਾ ਨੇ ਕਿਹਾ ਕਿ ਕਲੋਨੀ ਦੀ ਗਲੀ ਨੰਬਰ 7 ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਗਲੀ ਦਾ ਰਸਤਾ ਅੱਗੇ ਬੰਦ ਹੁੰਦਾ ਹੈ ਜੋ ਕਿ ਉਹਨ੍ਹਾਂ ਦੀਆਂ ਰਜਿਸਟਰੀਆਂ ਵਿੱਚ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਦਾ ਦਾਅਵਾ ਕਰ ਰਿਹਾ ਹੈ ਕਿ ਗਲੀ ਵਿਚ ਉਸ ਦੇ ਪਲਾਟ ਨੂੰ ਰਸਤਾ ਲੱਗਦਾ ਹੈ ਜਦਕਿ ਗਲੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਗਲੀ ਅੱਗੇ ਬੰਦ ਹੈ। ਇਸ ਸਬੰਧੀ ਮਾਮਲਾ ਅਦਾਲਤ ਵਿਚ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਧਾਇਕ ਹਨ ਅਤੇ ਰੋਜ਼ਾਨਾ ਲੋਕ ਆਪਣੇ ਕੰਮਾਂ ਸਬੰਧੀ ਉਨ੍ਹਾਂ ਕੋਲ ਆਉਂਦੇ ਹਨ। ਕਲੋਨੀ ਦੇ ਵਸਨੀਕ ਉਨ੍ਹਾਂ ਕੋਲ ਇਹ ਮਸਲਾ ਲੈ ਕੇ ਆਏ ਸੀ। ਉਨ੍ਹਾਂ ਵੱਲੋਂ ਏ ਡੀ ਸੀ ਸੰਗਰੂਰ ਨੂੰ ਆਖ਼ ਦਿੱਤਾ ਕਿ ਇਨ੍ਹਾਂ ਦੀ ਗੱਲ ਸੁਣ ਲਓ। ੳਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਧਿਰ ਦੇ ਹੱਕ ਵਿੱਚ ਫੋਨ ਨਹੀਂ ਕੀਤਾ ਸੀ। ਇਸ ਮਸਲੇ ਨੂੰ ਵਕੀਲ ਬਨਾਮ ਵਿਧਾਇਕ ਬਣਾ ਕੇ ਰੱਖ ਦਿੱਤਾ ਗਿਆ ਜੋ ਕਿ ਠੀਕ ਨਹੀਂ ਹੈ ਉਨ੍ਹਾਂ ਕਿਹਾ ਕਿ ਉਹ ਵਕੀਲਾਂ ਦਾ ਸਤਿਕਾਰ ਕਰਦੇ ਹਨ ਅਤੇ ਸਭ ਤੋਂ ਵੱਧ ਫੰਡ ਵਿਧਾਇਕ ਹੋਣ ਕਾਰਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ ਦਿੱਤੇ ਹਨ ਕਿਉਂਕਿ ਉਹ ਵੀ ਇੱਕ ਵਕੀਲ ਹਨ। ਉਨ੍ਹਾਂ ਕਿਹਾ ਕਿ ਜੇਕਰ ਵਕੀਲਾਂ ਨੂੰ ਅਦਾਲਤ ਅਤੇ ਪ੍ਰਸ਼ਾਸਨ ਉਪਰ ਕੋਈ ਭਰੋਸਾ ਨਹੀਂ ਤਾਂ ਕੇਸ ਨੂੰ ਚੰਡੀਗੜ੍ਹ ਜਾਂ ਹਰਿਆਣਾ ਤਬਦੀਲ ਕਰਵਾ ਲੈਣ। ਰਸਤਾ ਬਣਦਾ ਹੈ ਜਾਂ ਨਹੀਂ ਇਸ ਬਾਰੇ ਅਦਾਲਤ ਵੱਲੋਂ ਫੈਸਲਾ ਕਰ ਦਿੱਤਾ ਜਾਵੇਗਾ।
