ਐੱਸਜੀਪੀਸੀ ਦਾ ਪੈਸਾ ਸਿਆਸੀ ਹਿੱਤਾਂ ਲਈ ਵਰਤਣਾ ਜਾਇਜ਼ ਨਹੀਂ: ਢੀਂਡਸਾ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਦੀ ਸੁਖਬੀਰ ਸਿੰਘ ਬਾਦਲ ਦੇ ਐਲਾਨਾਂ ਨੂੰ ਪੂਰਾ ਕਰਨ ਲਈ ਹੋ ਰਹੀ ਵਰਤੋਂ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਸਬੰਧ ਵਿਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਐਸਜੀਪੀਸੀ ਅਧੀਨ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਫੰਡਾਂ ਦੀ ਵਰਤੋਂ ਬਾਰੇ ਜਾਣਕਾਰੀ ਮਿਲੀ ਹੈ ਜਿਸ ਵਿਚ ਸਪੱਸ਼ਟ ਰੂਪ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਐਲਾਨਾਂ ਨੂੰ ਪੂਰਾ ਕਰਨ ਲਈ ਐਸਜੀਪੀਸੀ ਦੇ ਫੰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਅਸੀਂ ਐਸਜੀਪੀਸੀ ਦੇ ਵਿਰੋਧ ਵਿਚ ਨਹੀਂ ਹਾਂ ਕਿਉਂਕਿ ਇਹ ਸਿੱਖਾਂ ਦੀ ਸੰਸਥਾ ਹੈ ਅਤੇ ਇਸਦੇ ਫੰਡਾਂ ਦੀ ਵਰਤੋਂ ਲੋਕ ਸੇਵਾ ਵਿਚ ਲਗਾਉਣ ਦੇ ਵਿਰੋਧੀ ਨਹੀਂ ਹੈ । ਐਸਜੀਪੀਸੀ ਇਹਨ੍ਹਾਂ ਫੰਡਾਂ ਦੀ ਵਰਤੋਂ ਖੁਦ ਕਰੇ ਅਤੇ ਲੋਕਾਂ ’ਚ ਇਹ ਗੱਲ ਜਾਵੇ ਕਿ ਐਸਜੀਪੀਸੀ ਪੀੜ੍ਹਤ ਲੋਕਾਂ ਦੀ ਮੱਦਦ ਕਰ ਰਹੀ ਹੈ ਪਰੰਤੂ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਐਲਾਨਾਂ ਨੂੰ ਪੂਰਾ ਕਰਨ ਲਈ ਫੰਡਾਂ ਦੀ ਵਰਤੋਂ ਕਰਨਾ ਕਿਸੇ ਵੀ ਤਰਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਐਸਜੀਪੀਸੀ ਵਲੋਂ ਬਾਦਲ ਦੇ ਐਲਾਨਾਂ ਨੂੰ ਪੂਰਾ ਕਰਨ ਲਈ ਜੋ ਵੀ ਪੈਸਾ ਖਰਚ ਕੀਤਾ ਗਿਆ ਹੈ, ਉਸ ਬਾਰੇ ਜਨਤਕ ਕਰੇ ਕਿ ਕਿਥੇ ਕਿਥੇ ਕਿੰਨੇ ਕਿੰਨੇ ਪੈਸੇ ਖਰਚੇ ਹਨ ਅਤੇ ਕੌਣ ਵੰਡ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਇੰਚਾਰਜ/ਸਿਆਸੀ ਲੀਡਰਾਂ ਜਿੰਨ੍ਹਾਂ ਵਲੋਂ ਚੋਣ ਲੜਨੀ ਹੈ, ਵਲੋਂ ਐਸਜੀਪੀਸੀ ਦਾ ਪੈਸਾ ਵੰਡਿਆ ਜਾ ਰਿਹਾ ਹੈ ਤਾਂ ਸਪੱਸ਼ਟ ਹੈ ਕਿ ਇਹ ਪੈਸਾ ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ ਹੈ। ਸ੍ਰੀ ਢੀਂਡਸਾ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਬਾਰੇ ਜਨਤਕ ਜਵਾਬ ਦੇਣ।