ਪੁਲੀਸ ਅਧਿਕਾਰੀਆਂ ਤੇ ਉਗਰਾਹਾਂ ਜਥੇਬੰਦੀ ਦਾ ਮਸਲਾ ਸੁਲਝਿਆ
ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ ਤਿੰਨ ਦਿਨ ਪਹਿਲਾਂ ਪਰਾਲੀ ਸਾੜਨ ਤੋਂ ਰੋਕਣ ਲਈ ਪਿੰਡ ਲੱਡੀ ਪੁੱਜੀ ਪੁਲੀਸ ਟੀਮ ਦੇ ਘਿਰਾਓ ਦੌਰਾਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਮਾਹੌਲ ਤਣਾਅਪੂਰਨ ਬਣ ਗਿਆ ਸੀ ਕਿਉਂਕਿ ਪੁਲੀਸ ਦੀਆਂ ਗੱਡੀਆਂ ਦਾ ਰਾਹ ਰੋਕਣ ਲਈ ਕਿਸਾਨਾਂ ਨੇ ਰਾਹ ਵਿਚ ਖੜ੍ਹੇ ਕੀਤੇ ਦੋਪਹੀਆ ਵਾਹਨ ਇੱਕ ਪੁਲੀਸ ਅਧਿਕਾਰੀ ਨੇ ਚੁੱਕ ਕੇ ਖੇਤਾਂ ਵਿਚ ਸੁੱਟ ਦਿੱਤੇ ਸਨ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਅਧਿਕਾਰੀ ਵਿਚਕਾਰ ਕਾਫ਼ੀ ਬਹਿਸਬਾਜ਼ੀ ਵੀ ਹੋਈ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਡੀ ਐੱਸ ਪੀ ਸੰਗਰੂਰ ’ਤੇ ਕਿਸਾਨਾਂ ਨਾਲ ਦੁਰਵਿਵਹਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਸਨ ਜਿਸ ਤੋਂ ਖਫ਼ਾ ਹੋ ਕੇ ਯੂਨੀਅਨ ਵਲੋਂ 10 ਨਵੰਬਰ ਨੂੰ ਡੀ ਐੱਸ ਪੀ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਪੁਲੀਸ ਅਧਿਕਾਰੀਆਂ ਅਤੇ ਕਿਸਾਨ ਯੂਨੀਅਨ ਵਿਚਕਾਰ ਹੋਈ ਮੀਟਿੰਗ ਵਿੱਚ ਮਾਮਲਾ ਸੁਲਝ ਗਿਆ ਹੈ ਜਿਸ ਤੋਂ ਬਾਅਦ ਕਿਸਾਨ ਯੂਨੀਅਨ ਨੇ 10 ਨਵੰਬਰ ਨੂੰ ਡੀਐਸਪੀ ਦਫ਼ਤਰ ਦੇ ਘਿਰਾਓ ਮੁਲਤਵੀ ਕਰ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਦੱਸਿਆ ਕਿ ਐੱਸ ਪੀ ਡੀ ਦਵਿੰਦਰ ਅੱਤਰੀ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਤੋਂ ਇਲਾਵਾ ਸਾਰੇ ਬਲਾਕ ਪ੍ਰਧਾਨ ਤੇ ਸਕੱਤਰ ਸ਼ਾਮਲ ਹੋਏ ਸੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਐੱਸ ਪੀ ਡੀ ਦਵਿੰਦਰ ਅੱਤਰੀ ਅਤੇ ਡੀ ਐੱਸ ਪੀ ਸੁਖਦੇਵ ਸਿੰਘ ਵਲੋਂ ਯੂਨੀਅਨ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।
ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਡੀ ਐੱਸ ਪੀ ਦੇ ਅਹਿਸਾਸ ਭਰੇ ਭਰੋਸੇ ਤੋਂ ਬਾਅਦ ਯੂਨੀਅਨ ਨੇ 10 ਨਵੰਬਰ ਨੂੰ ਡੀ ਐੱਸ ਪੀ ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਵਫ਼ਦ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ, ਜਗਤਾਰ ਸਿੰਘ ਲੱਡੀ, ਚਮਕੌਰ ਸਿੰਘ ਲੱਡੀ, ਜਸਵੰਤ ਸਿੰੰਘ ਤੋਲਾਵਾਲ, ਬਹਾਦਰ ਸਿੰਘ ਭੁਟਾਲ, ਕਰਮਜੀਤ ਸਿੰਘ ਮੰਗਵਾਲ ਅਤੇ ਕੁਲਵਿੰਦਰ ਸਿੰਘ ਲੱਡੀ ਸ਼ਾਮਲ ਸਨ।
