ਘਨੌਰੀ ਕਲਾਂ ਵਿੱਚ ਕਮਿਊਨਿਟੀ ਹਾਲ ਦਾ ਉਦਘਾਟਨ
ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਸੁਖਵੀਰ ਸਿੰਘ ਸੁੱਖੀ ਅਤੇ ਹਲਕਾ ਧੂਰੀ ਦੇ ਸੰਗਠਨ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਸਾਂਝੇ ਤੌਰ ’ਤੇ ਅੱਜ ਪਿੰਡ ਘਨੌਰੀ ਕਲਾਂ ਦੇ ਸਟੇਡੀਅਮ ਲਈ 2 ਕਰੋੜ, ਟੋਭੇ ਦੇ ਨਵੀਨੀਕਰਨ ਲਈ 36 ਲੱਖ ਦੀਆਂ ਗਰਾਂਟ ਦੇਣ ਬਾਰੇ ਦੱਸਦਿਆਂ ਪਿੰਡ ਦੇ ਵੱਖ-ਵੱਖ ਵਰਗਾਂ ਦੀਆਂ ਧਰਮਸ਼ਾਲਾਵਾਂ ਨੂੰ ਪੰਜ-ਪੰਜ ਲੱਖ, ਪਰਸ਼ੀਂਹ ਪੱਤੀ ਦਰਵਾਜ਼ੇ ਲਈ 15 ਲੱਖ ਸਮੇਤ ਰੱਖੀਆਂ ਹੋਰ ਮੰਗਾਂ ਪੂਰੀਆਂ ਕਰਨ ਦਾ ਐਲਾਨ ਕੀਤਾ। ਦੋਵੇਂ ਆਗੂ ਅੱਜ ਪਿੰਡ ਘਨੌਰੀ ਕਲਾਂ ਵਿੱਚ 40 ਲੱਖ ਦੀ ਲਾਗਤ ਨਾਲ ਤਿਆਰ ਕਮਿਊਨਿਟੀ ਹਾਲ ਦਾ ਰਸਮੀ ਉਦਘਾਟਨ ਕਰਨ ਮੌਕੇ ਲੋਕਾਂ ਦੇ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਬੱਬਨਪੁਰ ਵਿੱਚ ਮੱਛਰ ਦੀ ਰੋਕਥਾਮ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਫੌਗਿੰਗ ਮਸ਼ੀਨਾਂ ਦਿੱਤੀਆਂ ਅਤੇ ਪਿੰਡ ਜਹਾਂਗੀਰ ਵਿੱਚ ਵੀ ਕੁੱਝ ਪ੍ਰਾਜੈਕਟਾਂ ਦਾ ਰਸਮੀ ਉਦਘਾਟਨ ਕੀਤਾ। ਸਰਪੰਚ ਅੰਮ੍ਰਿਤਪਾਲ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।
ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ‘ਆਪ’ ਆਗੂ ਪੁੰਨੂੰ ਕਾਤਰੋਂ, ਰਛਪਾਲ ਸਿੰਘ ਭੁੱਲਰਹੇੜੀ, ਬਲਾਕ ਪ੍ਰਧਾਨ ਸੁਰਜੀਤ ਸਿੰਘ ਰਾਜੋਮਾਜਰਾ ਤੇ ਜਸਵਿੰਦਰ ਸਿੰਘ ਘਨੌਰ ਆਦਿ ਹਾਜ਼ਰ ਸਨ।
ਲੋਕਾਂ ਨੇ ਮੀਂਹ ਕਾਰਨ ਨੁਕਸਾਨੇ ਘਰਾਂ ਦਾ ਮੁਆਵਜ਼ਾ ਮੰਗਿਆ
ਬਾਜ਼ੀਗਰ ਭਾਈਚਾਰੇ ਦੇ ਲੋਕਾਂ ਨੇ ਕਾਲਾ ਸਿੰਘ ਦੀ ਅਗਵਾਈ ਹੇਠ ਮੀਂਹ ਨਾਲ ਨੁਕਸਾਨੇ ਘਰਾਂ ਦਾ ਮੁਆਵਜ਼ਾ ਮੰਗਿਆ। ਇਸ ਦੌਰਾਨ ਓਐੱਸਡੀ ਨੇ ਬੀਡੀਪੀਓ ਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਮੌਕਾ ਵੇਖ ਕੇ ਅਗਲੇਰੀ ਕਾਰਵਾਈ ਕਰਨ ਲਈ ਆਖਿਆ।