ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ਤੇ ਟਾਂਗਰੀ ਦੇ ਪਾਣੀ ਕਾਰਨ ਸੈਂਕੜੇ ਏਕੜ ਫ਼ਸਲ ਤਬਾਹ

ਦੂਧਨਸਾਧਾਂ ਖੇਤਰ ’ਚ 1300 ਏਕਡ਼ ਫ਼ਸਲ ਨੁਕਸਾਨੀ; ਘਨੌਰ ’ਚ ਕਈ ਪਿੰਡ ਪ੍ਰਭਾਵਿਤ
ਘਨੌਰ ਦੇ ਪਿੰਡ ਸਰਾਲਾਂ ਕਲਾਂ ਵਿੱਚ ਪਾਣੀ ਘਰ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਲਾਇਆ ਬੰਨ੍ਹ। -ਫੋਟੋ: ਰਾਜੇਸ਼ ਸੱਚਰ
Advertisement

ਘੱਗਰ ਅਤੇ ਟਾਂਗਰੀ ਨਦੀ ਵਿੱਚ ਪਾਣੀ ਵਧਣ ਕਾਰਨ ਸਬ-ਡਿਵੀਜ਼ਨ ਦੂਧਨਸਾਧਾਂ ਇਲਾਕੇ ’ਚ ਲਗਪਗ 13 ਸੌ ਏਕੜ ਤੋਂ ਵੱਧ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਹੈ। ਘੱਗਰ ਦਰਿਆ ਦੇ ਓਵਰਫਲੋਅ ਹੋਏ ਪਾਣੀ ਨੇ ਛੇ ਪਿੰਡਾਂ ਦੇ ਨੀਵੇਂ ਰਕਬੇ ਵਿੱਚ ਝੋਨੇ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ ਹੈ। ਇਸੇ ਤਰ੍ਹਾਂ ਟਾਂਗਰੀ ਨਦੀ ਦੇ ਬੰਨ੍ਹਾਂ ਅੰਦਰ ਨਿਸਾਰੇ ’ਤੇ ਆਈ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਹੈ। ਨਦੀ ਅੰਦਰਲੇ ਏਰੀਏ ਵਿੱਚ ਦੋ ਤਿੰਨ ਫੁੱਟ ਝੋਨੇ ਦੀ ਫ਼ਸਲ ਪਾਣੀ ਵਿੱਚ ਤਿੰਨ ਚਾਰ ਦਿਨਾਂ ਤੋਂ ਡੁੱਬੀ ਹੋਈ ਹੈ। ਖੇਤੀਬਾੜੀ ਵਿਭਾਗ ਵੱਲੋਂ ਪਹਿਲੇ ਅਨੁਮਾਨ ਤਹਿਤ ਟਾਂਗਰੀ ਤੇ ਘੱਗਰ ਦੇ ਪਾਣੀ ਨਾਲ ਲਗਪਗ 13 ਸੌ ਏਕੜ ਰਕਬਾ ਡੁੱਬਿਆ ਹੋਇਆ ਦੱਸਿਆ ਜਾ ਰਿਹਾ ਹੈ। ਜਦਕਿ ਚਾਰ ਪੰਜ ਸੌ ਏਕੜ ਹੋਰ ਵੀ ਪ੍ਰਭਾਵਿਤ ਹੋਇਆ ਹੈ। ਦੇਵੀਗੜ੍ਹ ਦੇ ਇਲਾਕੇ ਅੰਦਰ ਘੱਗਰ ਦਰਿਆ ਦਾ ਪੱਧਰ ਘੱਟਣਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਘੱਗਰ ਦੇ ਪਾਣੀ ਤੋਂ ਪ੍ਰਭਾਵਿਤ ਹੋਣ ਵਾਲੇ ਏਰੀਏ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਪਰ ਟਾਂਗਰੀ ਨਦੀ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪੰਜ ਛੇ ਫੁੱਟ ਉਪਰ ਚੱਲ ਰਿਹਾ ਹੈ। ਟਾਂਗਰੀ ਨਦੀ ਵਿੱਚ ਚੱਲ ਰਿਹਾ ਪਾਣੀ ਜ਼ਮੀਨ ਤੋਂ ਚਾਰ ਪੰਜ ਫੁੱਟ ਉਪਰ ਚੱਲਣ ਕਰਕੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਬੰਨ੍ਹਾਂ ’ਤੇ ਪਹਿਰੇ ਲਗਾ ਕੇ ਬੰਨ੍ਹਾਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਸਡੀਐੱਮ ਦੂਧਨਸਾਧਾਂ ਕਿਰਪਾਲ ਵੀਰ ਸਿੰਘ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਬੰਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੋਂ ਇਲਾਵਾ ਹੋਰ ਉੱਚ ਅਧਿਕਾਰੀਆਂ ਵੱਲੋਂ ਵੀ ਟਾਂਗਰੀ ਘੱਗਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ ਹੈ।

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਘਨੌਰ ਖੇਤਰ ਵਿੱਚ ਘੱਗਰ ਦਰਿਆ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ ਤੇ ਹੜ੍ਹ ਕਾਰਨ ਤੀਹ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਤੇ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਤੇ ਸਿਆਸੀ ਆਗੂ ਸਰਾਲਾ ਹੈੱਡ ’ਤੇ ਆਉਂਦੇ ਹਨ ਤੇ ਤਸਵੀਰਾਂ ਖਿੱਚਵਾ ਕੇ ਮੁੜ ਜਾਂਦੇ ਹਨ। ਉਨ੍ਹਾਂ ਦੇ ਪਿੰਡਾਂ ਤੱਕ ਇਕਾ ਦੁੱਕਾ ਨੂੰ ਛੱਡ ਕੇ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ। ਦੂਜੇ ਪਾਸੇ ਨਰਵਾਣਾ ਬਰਾਂਚ ਨਹਿਰ ਵਿੱਚ ਪਿਆ ਪਾੜ 350 ਫੁੱਟ ਤੱਕ ਪਹੁੰਚ ਗਿਆ ਹੈ। ਜਾਣਕਾਰੀ ਅਨੁਸਾਰ ਸੰਜਰਪੁਰ, ਬੱਲੋਪੁਰ, ਨਨਹੇੜੀ, ਰਾਏਪੁਰ, ਜੰਡ ਮੰਗੋਲੀ, ਕਾਮੀ ਖ਼ੁਰਦ, ਚਮਾਰੂ, ਊਂਟਸਰ, ਸਮਸਪੁਰ, ਸਰਾਲਾ, ਖ਼ੁਰਦ, ਹਰਪਾਲਾਂ, ਲੋਹਸਿੰਬਲੀ, ਕਪੂਰੀ, ਮੰਜੋਲੀ, ਘਨੌਰੀ ਖੇੜਾ ਆਦਿ ਪਿੰਡਾਂ ਦੇ ਖੇਤਾਂ ਵਿਚ ਪਾਣੀ ਦਾਖ਼ਲ ਹੋਇਆ ਹੈ। ਸੰਜਰਪੁਰ, ਚਮਾਰੂ, ਕਾਮੀ ਖ਼ੁਰਦ, ਊਂਟਸਰ, ਸਮਸਪੁਰ ਆਦਿ ਪਿੰਡਾਂ ਦੇ ਘਰਾਂ ਵਿਚ ਵੀ ਪਾਣੀ ਵੜਿਆ ਹੈ।

Advertisement

ਕਈ ਪਿੰਡਾਂ ਦੇ ਘਰਾਂ ਵਿਚ ਪਾਣੀ ਵੜ ਕੇ ਲੋਕਾਂ ਦਾ ਸਾਮਾਨ ਕਾਫ਼ੀ ਖ਼ਰਾਬ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੱਚੀਦਰਾ ਵਿੱਚ ਅੱਜ 12 ਫੁੱਟੀ ਗੇਜ਼਼ ਵਿਚ 11 ਫੁੱਟ ’ਤੇ ਪਾਣੀ ਵਗ ਰਿਹਾ ਹੈ। ਸਰਾਲਾ ਕਲਾਂ ਹੈੱਡ ਕੋਲ ਘੱਗਰ ਵਿਚ 16 ਫੁੱਟ ਦੀ ਗੇਜ਼ ਵਿਚ 17 ਫੁੱਟ ਪਾਣੀ ਵਗ ਰਿਹਾ ਹੈ, ਜਦੋਂ ਇਹ ਦੋਵੇਂ ਦਰਿਆ ਇਕੱਠੇ ਹੁੰਦੇ ਹਨ ਤਾਂ ਪਾਣੀ ਕਾਫ਼ੀ ਵੱਧ ਜਾਂਦਾ ਹੈ ਤੇ ਘਨੌਰ ਤੋਂ ਅਗਲੇ ਪਿੰਡਾਂ ਤੇ ਸਨੌਰ ਹਲਕੇ ਦੇ ਪਿੰਡਾਂ ਦਾ ਨੁਕਸਾਨ ਕਰਦਾ ਹੈ। ਉਸ ਤੋਂ ਅੱਗੇ ਘੱਗਰ ਵਿਚ ਟਾਂਗਰੀ ਨਦੀ ਦੀ 12 ਫੁੱਟ ਗੇਜ਼ ਵਿਚ 17 ਫੁੱਟ ਪਾਣੀ ਵਗ ਰਿਹਾ ਹੈ ਤੇ ਮਾਰਕੰਡਾ ਵਿਚ 22 ਫੁੱਟ ਦੀ ਗੇਜ਼ ਵਿਚ 23 ਫੁੱਟ ਪਾਣੀ ਵਗ ਰਿਹਾ ਹੈ।

ਬਰਿੰਦਰ ਗੋਇਲ ਵੱਲੋਂ ਘੱਗਰ ਦੇ ਬੰਨ੍ਹਾਂ ਦਾ ਜਾਇਜ਼ਾ

ਮੂਨਕ/ਖਨੌਰੀ (ਕਰਮਵੀਰ ਸਿੰਘ ਸੈਣੀ/ਗੁਰਨਾਮ ਸਿੰਘ ਚੌਹਾਨ): ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਘੱਗਰ ਦਰਿਆ ਦੇ ਮਕਰੌੜ ਸਾਹਿਬ, ਕੜੈਲ, ਮੂਨਕ ਬੰਨ੍ਹ, ਚਾਦੂੰ ਬੰਨ੍ਹ ਤੇ ਫੂਲਦ ਬੰਨ੍ਹ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਨਾਲ ਵੀ ਗੱਲਬਾਤ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਘੱਗਰ ਦਰਿਆ ਵਿੱਚ ਪਾਣੀ ਵਧਣ ਕਾਰਨ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਦੌਰਾਨ ਗੋਇਲ ਨੇ ਦੱਸਿਆ ਕਿ ਘੱਗਰ ਦਰਿਆ ਨੇੜਲੇ ਸ਼ਹਿਰਾਂ ਤੇ ਪਿੰਡਾਂ ਲਈ 5 ਰਾਹਤ ਕੈਂਪ ਵੱਖ-ਵੱਖ ਥਾਂ ਬਣਾਏ ਗਏ ਹਨ ਤੇ ਬਕਾਇਦਾ ਵੱਖ ਵੱਖ ਅਧਿਕਾਰੀਆਂ ਨੂੰ ਕੈਂਪਾਂ ਦਾ ਇੰਚਾਰਜ ਲਾਇਆ ਲਿਆ ਗਿਆ ਹੈ। ਪਿੰਡ ਰਾਮਪੁਰਾ ਗੁੱਜਰਾਂ, ਹਾਂਡਾ, ਕੁੰਦਨੀ, ਫੂਲਦ, ਘਮੂਰਘਾਟ ਅਤੇ ਗਨੇਟਾ ਸਬੰਧੀ ਰਾਹਤ ਕੈਂਪ ਸਰਕਾਰੀ ਹਾਈ ਸਕੂਲ, ਰਾਮਪੁਰਾ ਗੁਜਰਾ ਵਿੱਚ ਬਣਾਇਆ ਗਿਆ ਹੈ, ਜਿਸ ਦੇ ਇੰਚਾਰਜ ਅਮਨਦੀਪ ਸਿੰਘ, ਸਕੱਤਰ, ਮਾਰਕੀਟ ਕਮੇਟੀ ਤੇ ਮੂਨਕ ਨੂੰ ਲਾਇਆ ਗਿਆ ਹੈ। ਖਨੌਰੀ, ਬਨਾਰਸੀ, ਬਾਉਪੁਰ, ਹੋਤੀਪੁਰ ਅਤੇ ਨਵਾਗਾਓ ਸਬੰਧੀ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਵਿੱਚ ਰਾਹਤ ਕੈਂਪ ਬਣਾਇਆ ਗਿਆ ਹੈ।

ਡੀਸੀ ਵੱਲੋਂ ਸਰਾਲਾ ਹੈੱਡ ’ਤੇ ਸਥਿਤੀ ਦਾ ਜਾਇਜ਼ਾ

ਘਨੌਰ (ਦਰਸ਼ਨ ਸਿੰਘ ਮਿੱਠਾ): ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਰਾਲਾ ਹੈੱਡ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਘੱਗਰ ਵਿੱਚ ਪਾਣੀ ਵਧਣ ਕਾਰਨ ਘਨੌਰ ਖੇਤਰ ਦੇ ਲਗਪਗ 30 ਪਿੰਡ ਇਸ ਨਾਲ ਪ੍ਰਭਾਵਿਤ ਹੋਏ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਪੂਰੀ ਸਮਰੱਥਾ ਨਾਲ ਕੰਮ ਕੀਤਾ ਜਾ ਰਿਹਾ ਹੈ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਾਣੀ ਦਾ ਪੱਧਰ ਕੁਝ ਘਟਣਾ ਸ਼ੁਰੂ ਹੋਇਆ ਹੈ ਅਤੇ ਪ੍ਰਸ਼ਾਸਨ ਇਸ ਸਥਿਤੀ ’ਤੇ ਚੌਵੀ ਘੰਟੇ ਨਿਗਰਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਗਰ ਦੇ ਨੇੜੇ ਹਰ 500 ਮੀਟਰ ’ਤੇ ਸਥਿਤੀ ‘ਤੇ ਨਿਗਾਹ ਰੱਖੀ ਜਾ ਰਹੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਵੱਲੋਂ ਸਮੇਂ-ਸਮੇਂ ਦਿੱਤੀ ਫੀਡ ਬੈਕ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪ੍ਰਸ਼ਾਸਨ ਨੂੰ ਰਾਹਤ ਤੇ ਨਿਗਰਾਨੀ ਕੰਮਾਂ ਵਿੱਚ ਕਾਫ਼ੀ ਮਦਦ ਮਿਲੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਭਗਤ ਧੰਨਾ ਜੀ ਗੁਰਦੁਆਰਾ ਸਾਹਿਬ ਵਿੱਚ ਲਗਾਏ ਗਏ ਮੈਡੀਕਲ ਕੈਂਪ ਦਾ ਵੀ ਦੌਰਾ ਕੀਤਾ ਅਤੇ ਮਨਰੇਗਾ ਮਜ਼ਦੂਰਾਂ ਨਾਲ ਗੱਲਬਾਤ ਕੀਤੀ।

Advertisement
Show comments