ਕੌਮੀ ਮਾਰਗ ’ਤੇ ਖੜ੍ਹਦੇ ਪਾਣੀ ਦੀ ਨਿਕਾਸੀ ਦੀ ਆਸ ਬੱਝੀ
ਇੱਥੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਸਥਿਤ ਬਾਲਦ ਕੈਂਚੀਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਓਵਰ ਬ੍ਰਿਜ ਹੇਠਾਂ ਕਲੋਨੀ ਦੇ ਖੜ੍ਹਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਸਬੰਧੀ ਅੱਜ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਕੌਮੀ ਮਾਰਗ ’ਤੇ ਖੜ੍ਹਦੇ ਪਾਣੀ ਕਾਰਨ ਰਾਹਗੀਰ ਪ੍ਰੇਸ਼ਾਨ’ ਦੇ ਸਿਰਲੇਖ ਹੇਠ ਖ਼ਬਰ ਛਪਣ ਮਗਰੋਂ ਪ੍ਰਸ਼ਾਸਨ ਜਾਗ ਗਿਆ ਹੈ। ਅੱਜ ਨਗਰ ਕੌਂਸਲ ਭਵਾਨੀਗੜ੍ਹ ਵੱਲੋਂ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਬਾਲਦ ਕੈਂਚੀਆਂ ਵਿੱਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਕਾਫੀ ਸਮੇਂ ਤੋਂ ਕਲੋਨੀ ਵਾਸੀ ਅਤੇ ਦੁਕਾਨਦਾਰ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਵੱਲੋਂ ਇਸ ਮਾਮਲੇ ਨੂੰ ਹੱਲ ਬਹੁਤ ਵਾਰ ਰੋਸ਼ ਪ੍ਰਦਰਸ਼ਨ ਕੀਤੇ ਗਏ। ਇਥੇ ਗੰਦੇ ਪਾਣੀ ਦੇ ਛੱਪੜ ਵਿੱਚ ਹਰ ਰੋਜ਼ ਕਾਰਾਂ, ਟਰਾਲੀਆਂ ਅਤੇ ਟਰੱਕ ਵਗੈਰਾ ਪਲਟਦੇ ਰਹੇ। ਪੰਜ ਕੁ ਮਹੀਨੇ ਪਹਿਲਾਂ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਸੀਵਰੇਜ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਸੀ, ਪਰ ਫਿਰ ਵੀ ਇਹ ਮਾਮਲਾ ਲਟਕਿਆ ਰਿਹਾ।
ਅੱਜ ਸੀਵਰੇਜ ਦਾ ਕੰਮ ਸ਼ੁਰੂ ਕਰਵਾਉਣ ਮਗਰੋਂ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਨੇ ਦੱਸਿਆ ਕਿ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਦੇਖ-ਰੇਖ ਹੇਠ 65 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਸੀਵਰੇਜ ਸਿਸਟਮ ਇੱਕ ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਲਦ ਕੈਂਚੀਆਂ ਦੇ ਸੀਵਰੇਜ ਨੂੰ ਸ਼ਹਿਰ ਦੇ ਮੁੱਖ ਸੀਵਰੇਜ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁੱਝ ਤਕਨੀਕੀ ਕਾਰਨਾਂ ਕਰਕੇ ਇਹ ਕੰਮ ਰੁਕਿਆ ਰਿਹਾ। ਇਸ ਮੌਕੇ ਗੁਰਵਿੰਦਰ ਸਿੰਘ ਸੱਗੂ, ਚਰਨ ਸਿੰਘ ਚੋਪੜਾ, ਸਤਨਾਮ ਸਿੰਘ ਸੰਧੂ, ਕੇਵਲ ਸਿੰਘ ਸਿੱਧੂ ਅਤੇ ਸੁਖਦੇਵ ਸਿੰਘ ਭਵਾਨੀਗੜ੍ਹ ਨੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ ਦੇ ਮੁਕੰਮਲ ਹੋਣ ਨਾਲ ਲੰਬੇ ਸਮੇਂ ਤੋਂ ਲਟਕਦੀ ਕਲੋਨੀ ਵਾਸੀਆਂ ਦੀ ਮੁਸ਼ਕਲ ਹੱਲ ਹੋ ਜਾਵੇਗੀ।
