ਨਾਮਣਾ ਖੱਟਣ ਵਾਲੀਆਂ ਸਵੈ-ਨਿਰਭਰ ਮਹਿਲਾਵਾਂ ਦਾ ਸਨਮਾਨ
ਅੱਜ ਇੱਥੇ ਮੁੱਖ ਮੰਤਰੀ ਸਹਾਇਤਾ ਕੇਂਦਰ ਵਿੱਚ ਮਹਿਲਾ ਉਦਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਮੈਨ ਵਿੰਗ ਦੀ ਜ਼ਿਲ੍ਹਾ ਆਗੂ ਤੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਜਸਬੀਰ ਕੌਰ ਸ਼ੇਰਗਿੱਲ, ਜ਼ੋਨ ਇੰਚਾਰਜ ਵੀਰਪਾਲ ਕੌਰ ਚਹਿਲ ਤੇ ਹਲਕਾ ਧੂਰੀ ਦੇ ਵਿਮੈਨ ਵਿੰਗ ਦੇ ਕੋਆਰਡੀਨੇਟਰ ਨਵਜੋਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਸਵੈ-ਨਿਰਵਰ ਔਰਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਚੇਅਰਪਰਸਨ ਜਸਬੀਰ ਕੌਰ ਸ਼ੇਰਗਿੱਲ ਨੇ ਸੰਗਰੂਰ ਜ਼ਿਲ੍ਹੇ ਦੀਆਂ ਅਗਾਂਹਵਧੂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮਹਿਲਾਵਾਂ ਹਰੇਕ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੀਆਂ ਮਹਿਲਾਵਾਂ ਨੇ ਜਿੱਥੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਹਨ, ਉੱਥੇ ਹੀ ਹੋਰਨਾਂ ਨੂੰ ਵੀ ਸੈਲਫ ਹੈਲਪ ਗਰੁੱਪਾਂ ਰਾਹੀਂ ਰੁਜ਼ਗਾਰ ਦੇ ਮੌਕੇ ਦੇ ਕੇ ਆਤਮ ਨਿਰਭਰ ਬਣਾਇਆ ਹੈ।
ਸਮਾਗਮ ਦੌਰਾਨ ਵੀਰਪਾਲ ਕੌਰ ਚਹਿਲ ਨੇ ਕਿਹਾ ਕਿ ਮਹਿਲਾ ਉੱਦਮੀ ਸਿਰਫ਼ ਪਰਿਵਾਰਾਂ ਨੂੰ ਨਹੀਂ, ਸਗੋਂ ਸਾਰੇ ਖੇਤਰ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਦੇ ਰਹੀਆਂ ਹਨ। ਨਵਜੋਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲਾ ਉਦਮਤਾ ਦਿਵਸ ਮਹਿਲਾਵਾਂ ਦੇ ਹੌਸਲੇ, ਮਿਹਨਤ ਅਤੇ ਪ੍ਰਤੀਬੱਧਤਾ ਨੂੰ ਸਲਾਮ ਕਰਨ ਦਾ ਦਿਨ ਹੈ। ਸਮਾਗਮ ਦੌਰਾਨ ਜਸਪ੍ਰੀਤ ਕੌਰ ਜਵੰਧਾ, ਪਰਮਜੀਤ ਕੌਰ, ਜਸਵਿੰਦਰ ਕੌਰ, ਸੰਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਸੰਗਰੂਰ ਜ਼ਿਲ੍ਹੇ ਦੀਆਂ ਮਹਿਲਾਵਾਂ ਮੌਜੂਦ ਸਨ।
ਉਦਮਤਾ ਦੇ ਸਮਾਗਮ ਮੌਕੇ ਇੱਕ ਮਹਿਲਾ ਨੇ ਕਮੇਟੀਆਂ ਪਾਏ ਜਾਣ ਲਈ ਉਤਸ਼ਾਹਿਤ ਕਰਦਿਆਂ ਆਪਣੇ ਨਿੱਜੀ ਤਜਰਬੇ ਨੂੰ ਸਾਂਝਾ ਕੀਤਾ। ਇਸ ਸਬੰਧੀ ਜਦੋਂ ਚੇਅਰਪਰਸਨ ਬੀਬੀ ਨੋ ਕਮੇਟੀਆਂ ਦੀ ਕਾਨੂੰਨੀ ਮਾਨਤਾ ਸਬੰਧੀ ਪੁੱਛਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀਆਂ ਲਈ ਖਾਤੇ ਬਕਾਇਦਾ ਬੈਂਕ ਵਿੱਚ ਖੁੱਲ੍ਹਦੇ ਹਨ ਅਤੇ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਹਨ।
