ਹੜ੍ਹ ਪੀੜਤਾਂ ਦੀਆਂ ਮੱਦਦਗਾਰ ਸੰਸਥਾਵਾਂ ਦਾ ਸਨਮਾਨ
ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨਾਲ ਹੋਈ ਖ਼ੌਫ਼ਨਾਕ ਤਬਾਹੀ ਪਿਛੋਂ ਪੀੜਤਾਂ ਦੀ ਮੱਦਦ ਲਈ ਸਾਹਮਣੇ ਆਈਆਂ ਸਮਾਜ ਸੇਵੀ ਸੰਸਥਾਵਾਂ ਦਾ ਸਨਮਾਨ ਕਰਨ ਲਈ ਕਾਫ਼ਲਾ-ਏ-ਮੀਰ ਸਮਾਜ ਪੰਜਾਬ ਵੱਲੋਂ ਮਾਲੇਰਕੋਟਲਾ ਕਲੱਬ ’ਚ ਇੱਕ ਸਨਮਾਨ ਸਮਾਗਮ ਅਤੇ ਮੁਸ਼ਾਇਰਾ ਕਰਵਾਇਆ ਗਿਆ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ ਜਮੀਲ ਉਰ ਰਹਿਮਾਨ, ਵਿਸ਼ਵ ਪ੍ਰਸਿੱਧ ਗ਼ਜ਼ਲ ਗਾਇਕ ਜ਼ੀਸ਼ਾਨ ਗ਼ੁਲਾਮ ਅਲੀ, ਡਾ ਮੁਹੰਮਦ ਸ਼ਬੀਰ, ਜ਼ਾਹਿਦਾ ਸੁਲੇਮਾਨ, ਪ੍ਰਵੇਜ਼ ਖ਼ਾਨ ਅਤੇ ਨਾਮਵਰ ਸੂਫ਼ੀ ਗਾਇਕ ਸਰਦਾਰ ਅਲੀ ਮਤੋਈ ਆਦਿ ਸ਼ਖਸ਼ੀਅਤਾਂ ਨੇ ਕਾਫ਼ਲਾ-ਏ-ਮੀਰ ਸਮਾਜ ਵੱਲੋਂ ਹੜ੍ਹ ਪੀੜਤਾਂ ਦੀਆਂ ਮੱਦਦਗਾਰ ਸੰਸਥਾਵਾਂ ਦੇ ਸਨਮਾਨ ਲਈ ਕੀਤੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ। ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਈਆਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਖ਼ਿਦਮਤ-ਏ-ਖ਼ਲਕ ਹੀ ਬੇਹਤਰੀਨ ਇਬਾਦਤ ਹੈ। ਦਿੱਲੀ ਤੋਂ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਕਮਲ ਹੁਸੈਨ ਮੀਰ ਅਤੇ ਸਬਦਰ ਹੁਸੈਨ ਮੀਰ ਨੇ ਵੀ ਹੜ੍ਹ ਪੀੜਿਤਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਵਿਚ ਮੁਹੰਮਦ ਰਸ਼ੀਦ ਬਿੱਟੂ ਭਾਈ ਕਲਕੱਤਾ,ਗਰਾਮ ਪੰਚਾਇਤ ਮਤੋਈ ਅਤੇ ਰੋਹਟਾ ਸਾਹਿਬ ਸਮੇਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਉਰਦੂ ਅਤੇ ਪੰਜਾਬੀ ਜ਼ੁਬਾਨ ਦੇ ਪ੍ਰਸਿੱਧ ਸ਼ਾਇਰ ਜ਼ਮੀਰ ਅਲੀ ਜ਼ਮੀਰ ਦੇ ਮੰਚ ਸੰਚਾਲਨ ਦੌਰਾਨ ਆਯੋਜਿਤ ਮੁਸ਼ਾਇਰੇ ਵਿਚ ਗ਼ਜ਼ਲ ਗਾਇਕ ਜ਼ੀਸ਼ਾਨ ਗ਼ੁਲਾਮ ਅਲੀ, ਸੂਫ਼ੀ ਗਾਇਕ ਸਰਦਾਰ ਅਲੀ ਮਤੋਈ, ਡਾ ਅਜਮਲ ਖ਼ਾਨ ਸ਼ੇਰਵਾਨੀ, ਡਾ ਰੁਬੀਨਾ ਸ਼ਬਨਮ, ਸ਼ੇਖ਼ ਇਫ਼ਤਿਖਾਰ ਹੁਸੈਨ, ਡਾ ਸਲੀਮ ਜ਼ੁਬੈਰੀ, ਮੁਅੱਜ਼ਮ ਸੈਫ਼ੀ, ਰਣਜੀਤ ਕੌਰ ਸਵੀ ਅਤੇ ਹਰਫ਼ਾਂ ਦੀ ਲੋਅ ਪੰਜਾਬੀ ਸਾਹਿਤਕ ਸਭਾ ਦੇ ਮੈਂਬਰਾਂ ਨੇ ਆਪੋ-ਆਪਣਾ ਕਲਾਮ ਪੇਸ਼ ਕੀਤਾ। ਇਸ ਮੌਕੇ ਪੰਜਾਬ ਵਕਫ ਬੋਰਡ ਦੇ ਮੈਂਬਰ ਸ਼ਹਿਬਾਜ਼ ਰਾਣਾ,ਅਜ਼ਰ ਮੁਨੀ, ਮਾਸਟਰ ਮੁਹੰਮਦ ਨਜ਼ੀਰ, ਮਹਿੰਦਰ ਸਿੰਘ ਪਰੂਥੀ, ਮੁਹੰਮਦ ਅਖ਼ਲਾਕ ਡਾ. ਹਰਮੇਸ਼ ਹਿਆਣਾ ਅਤੇ ਬਾਬਾ ਬੂਟੇ ਸ਼ਾਹ ਸਾਬਰੀ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਮੌਜੂਦ ਸਨ।