ਸੂਬਾ ਪੱਧਰੀ ਲੇਖ ਮੁਕਾਬਲੇ ’ਚ ਅੱਵਲ ਆਉਣ ’ਤੇ ਸਨਮਾਨ
ਸਿਹਤ ਤੇ ਖੁਸ਼ਹਾਲੀ ਲਈ ਦੁੱਧ ਦੇ ਮਹੱਤਵ ਨੂੰ ਸਮਰਪਿਤ ਰਾਜ ਪੱਧਰੀ ਲੇਖ ਮੁਕਾਬਲੇ ਵਿੱਚ ਸੰਗਰੂਰ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਨੇ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗਰਾ ਦੀ ਨੌਂਵੀ ਕਲਾਸ ਦੀ ਵਿਦਿਆਰਥਣ ਗੁਰਵੀਰ ਕੌਰ ਨੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸੇ ਸਕੂਲ ਦੀ ਨੌਂਵੀ ਕਲਾਸ ਦੀ ਅਵਨੀਤ ਕੌਰ ਨੇ ਸੂਬਾ ਪੱਧਰੀ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਨ੍ਹਾਂ ਦੇ ਨਾਲ ਹੀ ਸਰਕਾਰੀ ਸੀਨੀਅਰ ਸਮਾਰਟ ਸੈਕੰਡਰੀ ਸਕੂਲ ਧੂਰੀ ਦੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਹ ਤਿੰਨੇ ਹੀ ਵਿਦਿਆਰਥਣਾਂ ਸੰਗਰੂਰ ਜ਼ਿਲ੍ਹੇ ਤੋਂ ਰਾਜ ਪੱਧਰ ਲਈ ਚੁਣੀਆਂ ਗਈਆਂ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਹੋਏ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਨ੍ਹਾਂ ਨੂੰ ਸਨਮਾਨਿਤ ਕੀਤਾ। ਮੰਤਰੀ ਨੇ ਵਿਦਿਆਰਥਣਾਂ ਦੀ ਮਿਹਨਤ, ਲਗਨ ਅਤੇ ਜਾਗਰੂਕਤਾ ਦੀ ਖੂਬ ਪ੍ਰਸ਼ੰਸਾ ਕੀਤੀ। ਸਕੂਲ ਵਾਪਸੀ ‘ਤੇ ਗੁਰਵੀਰ ਕੌਰ ਦਾ ਨਾਗਰਾ ਸਕੂਲ ਦੀ ਮੈਨੇਜਮੈਂਟ ਵੱਲੋਂ ਖ਼ਾਸ ਸਨਮਾਨ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਗੁਰਵੀਰ ਕੌਰ ਦੀ ਪ੍ਰਾਪਤੀ ਨਾ ਸਿਰਫ਼ ਸਕੂਲ ਲਈ ਮਾਣ ਹੈ, ਸਗੋਂ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਵੀ ਹੈ। ਇਨ੍ਹਾਂ ਤਿੰਨਾਂ ਦੀ ਸਫਲਤਾ ਇਸ ਗੱਲ ਦਾ ਸਾਫ਼ ਸਬੂਤ ਹੈ ਕਿ ਲਗਨ ਅਤੇ ਮਿਹਨਤ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਬੱਚੇ ਨੂੰ ਸਨਮਾਨਿਤ ਕਰਨ ਮੌਕੇ ਵੀਨਾ ਰਾਣੀ ( ਸਕੂਲ ਇੰਚਾਰਜ), ਲਖਵਿੰਦਰ ਸਿੰਘ, ਰਸ਼ਿਮ ਰਾਣੀ,ਸ਼ਿਵਾਨੀ ਗੋਇਲ, ਅਮਨਦੀਪ ਕੌਰ ਅਤੇ ਐਡਵੋਕੇਟ ਨਰਿੰਦਰ ਸਿੰਘ ਨਾਗਰਾ ਹਾਜ਼ਰ ਸਨ।
