ਸ਼ਾਹੀ ਇਮਾਮ ਵੱਲੋਂ ਇਤਿਹਾਸਕਾਰ ਨੂਰ ਮੁਹੰਮਦ ਨੂਰ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 6 ਅਗਸਤ
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮਾਲੇਰਕੋਟਲਾ ਦੇ ਕਿਲਾ ਰਹਿਮਤਗੜ੍ਹ ਵਾਸੀ ਇਤਿਹਾਸਕਾਰ ਜਨਾਬ ਨੂਰ ਮੁਹੰਮਦ ਨੂਰ ਦਾ ਜਨਾਬ ਨੂਰ ਵੱਲੋਂ ‘ਪੰਜਾਬ ਦੇ ਮੁਸਲਿਮ ਆਜ਼ਾਦੀ ਘੁਲਾਟੀਏ’ ਪੁਸਤਕ ਲਿਖਣ ‘ਤੇ ਉਨ੍ਹਾਂ ਦਾ ਸਨਮਾਨ ਕੀਤਾ। ਜਨਾਬ ਨੂਰ ਮੁਹੰਮਦ ਨੂਰ ਦਾ ਸਨਮਾਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਹ ਪੁਸਤਕ ਦੇਸ਼ ‘ਚ ਆਪਸੀ ਭਾਈਚਾਰੇ ਖ਼ਾਸ ਕਰ ਪੰਜਾਬ ਦੀ ਸਰਵ ਧਰਮ ਏਕਤਾ ਨੂੰ ਮਜ਼ਬੂਤੀ ਬਖ਼ਸ਼ਣ ‘ਚ ਸਹਾਇਕ ਹੋਵੇਗੀ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਕਿਤਾਬ ‘ਚ ਪੰਜਾਬ ਦੇ ਮੁਸਲਮਾਨਾਂ ਦੀਆਂ 1857 ਤੋਂ ਲੈ ਕੇ 1947 ਤੱਕ ਜੰਗ-ਏ-ਆਜ਼ਾਦੀ ‘ਚ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਇਹ ਪੁਸਤਕ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਆਜ਼ਾਦੀ ਦੀ ਲੜਾਈ ‘ਚ ਮੁਸਲਿਮ ਭਾਈਚਾਰਾ ਆਪਣੇ ਹਮ ਵਤਨ ਭਰਾਵਾਂ ਦੇ ਨਾਲ ਸੀ। ਮੁਹੰਮਦ ਸ਼ਕੀਲ ਨੇ ਜਨਾਬ ਨੂਰ ਮੁਹੰਮਦ ਨੂਰ ਦੀਆਂ ਸਾਹਿਤਕ ਅਤੇ ਇਤਿਹਾਸਕ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਮੁਹੰਮਦ ਮੁਸਤਕੀਮ ਅਹਿਰਾਰ, ਨਵਾਬ ਅਹਿਰਾਰ, ਸ਼ਾਹਨਵਾਜ਼ ਅਹਿਰਾਰ , ਸਤਾਰ ਮੁਹੰਮਦ ਆਦਿ ਹਾਜ਼ਰ ਸਨ।