ਅੱਧੀ ਦਰਜਨ ਪਿੰਡਾਂ ਦੇ ਆਗੂ ਕਾਂਗਰਸ ਵਿੱਚ ਸ਼ਾਮਲ
ਕਰੀਬ ਅੱਧੀ ਦਰਜਨ ਪਿੰਡਾਂ ਨਾਲ ਸਬੰਧਤ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਅੱਜ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਦਾ ਵਿਜੈਇੰਦਰ ਸਿੰਗਲਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਪਾਰਟੀ ਵਿਚ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਇੱਥੇ ਆਪਣੀ ਰਿਹਾਇਸ਼ ’ਤੇ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਚ ਮੁੱਖ ਮੰਤਰੀ ਦੇ ਪਿੰਡ ਸਤੌਜ, ਜਵੰਧਾ, ਸੰਗਤੀਵਾਲਾ, ਹਰਿਆਊ, ਕੌਹਰੀਆਂ, ਮਹਿਲਾਂ ਅਤੇ ਗੁੱਜਰਾਂ ਦੇ ਵੱਖ-ਵੱਖ ਪਾਰਟੀਆਂ ਦੇ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਇਨ੍ਹਾਂ ਦੇ ਫੈਸਲੇ ਦਾ ਉਹ ਸਨਮਾਨ ਕਰਦੇ ਹਨ ਅਤੇ ਭਰੋਸਾ ਦਿੰਦੇ ਹਨ ਕਿ ਕਾਂਗਰਸ ਸਰਕਾਰ ਬਣਨ ’ਤੇ ਉਨ੍ਹਾਂ ਦਾ ਮਾਣ ਸਤਿਕਾਰ ਬਹਾਲ ਰੱਖਿਆ ਜਾਵੇਗਾ। ਸ੍ਰੀ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿਚ ਉਠੀ ਲਹਿਰ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਜੋ ਕਿ ਧਰਮ ਨਿਰਪੱਖ ਅਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਪੰਜਾਬ ਵਿੱਚ ਕਾਂਗਰਸ ਸਰਕਾਰ ਸਮੇਂ ਰਿਕਾਰਡ ਤੋੜ ਕੰਮ ਹੋਏ। ਇਕੱਲੇ ਸੰਗਰੂਰ ਵਿੱਚ ਜਿੱਥੇ ਸੜਕਾਂ ਦਾ ਜਾਲ ਵਿਛਿਆ ਉਥੇ ਪੀਜੀਆਈ ਘਾਬਦਾਂ ਵਰਗੇ ਵੱਡੇ ਪ੍ਰਾਜੈਕਟ ਲਿਆਂਦੇ ਗਏ। ਸੰਗਰੂਰ ਦੇ ਖੇਡ ਸਟੇਡੀਅਮ, ਰੇਲਵੇ ਸਟੇਸ਼ਨ ਨਵਿਆਉਣ ਦੇ ਕੰਮ, ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸੈਂਟਰ ਸੰਗਰੂਰ ਵਿੱਚ ਲਿਆਂਦੇ ਗਏ। ਸ੍ਰੀ ਸਿੰਗਲਾ ਨੇ ਆਖਿਆ ਕਿ ਹੁਣ ਲੋਕ ਸਮਝਦਾਰ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਦੀਆਂ ਗੁਮਰਾਹਕੁਨ ਗੱਲਾਂ ਵਿਚ ਨਹੀਂ ਆਉਣਗੇ ਕਿਉਂਕਿ ਉਹ ਆਮ ਆਦਮੀ ਪਾਰਟੀ ਦਾ ਸੱਚ ਜਾਣ ਚੁੱਕੇ ਹਨ। ਇਸ ਮੌਕੇ ਕਾਂਗਰਸੀ ਆਗੂ ਜਗਦੇਵ ਗਾਗਾ, ਸਤਨਾਮ ਸੱਤਾ, ਗੋਗੀ ਖੋਪੜਾ, ਬੂਟਾ ਭੰਗੂ, ਭੁਪਿੰਦਰ ਗਾਗਾ, ਸਨਮੀਕ ਸਿੰਘ ਹੈਨਰੀ, ਜੱਸੀ ਨੰਬਰਦਾਰ, ਜਗਤਾਰ ਖੇਤਲਾ, ਦਾਰੀ ਨੰਬਰਦਾਰ, ਬਰਿੰਦਰ ਕੌਹਰੀਆਂ ਵੀ ਮੌਜੂਦ ਸਨ।