ਸਰਕਾਰਾਂ ਕੋਲ ਦਰਿਆਵਾਂ ਦੇ ਬੰਨ੍ਹ ਪੱਕੇ ਕਰਨ ਦੀ ਯੋਜਨਾ ਨਹੀਂ: ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ 50 ਟਰਾਲੀਆਂ ਦਾ ਦੂਜਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਅੰਮ੍ਰਿਤਸਰ ਜ਼ਿਲ੍ਹੇ ਲਈ ਰਵਾਨਾ ਹੋਇਆ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰ ਤੀਜੇ ਚੌਥੇ ਵਰ੍ਹੇ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਫ਼ਸਲਾਂ ਸਮੇਤ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦਾ ਹੋਰ ਕਾਰੋਬਾਰਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਣਕਾਂ ਦੀ ਬਿਜਾਈ ਨਹੀਂ ਹੁੰਦੀ ਉਦੋਂ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਸਾਮਾਨ ਇਕੱਠਾ ਕਰਕੇ ਲੋੜਵੰਦ ਹੜ੍ਹ ਪੀੜਤਾਂ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਲਈ ਸਰਕਾਰਾਂ ਵਲੋਂ ਕੋਈ ਠੋਸ ਮੁਆਵਜ਼ਾ ਨਹੀਂ ਮਿਲਦਾ ਅਤੇ ਨਾ ਹੀ ਬੰਨ੍ਹਾਂ ਨੂੰ ਪੱਕਾ ਕਰਨ ਦੀ ਕੋਈ ਯੋਜਨਾ ਹੈ। ਇਹ ਲੜਾਈ ਜਥੇਬੰਦੀ ਵਲੋਂ ਲੋਕਾਂ ਦੇ ਸਿਰ ’ਤੇ ਲੜੀ ਜਾਵੇਗੀ ਅਤੇ ਪੀੜਤ ਲੋਕਾਂ ਲਈ ਮੂਆਵਜ਼ਾ ਲਾਗੂ ਕਰਵਾਏਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਤੇ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਅੱਜ ਰਾਸ਼ਨ, ਕਣਕ, ਤੂੜੀ ਪਸ਼ੂਆਂ ਲਈ ਅਚਾਰ, ਕੱਪੜੇ, ਬਿਸਤਰੇ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਗਿਆ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਬਹਾਲ ਸਿੰਘ ਢੀਂਡਸਾ , ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਬਲਾਕ ਆਗੂ ਸੁਖਪਾਲ ਸਿੰਘ ਮਾਣਕ, ਮੂਣਕ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ, ਜਰਨਲ ਸਕੱਤਰ ਰਿੰਕੂ ਮੂਣਕ ਆਦਿ ਹਾਜ਼ਰ ਸਨ।