ਹੜ੍ਹਾਂ ਪੀੜਤਾਂ ਦੀ ਬਾਂਹ ਫੜ੍ਹੇ ਸਰਕਾਰ: ਮੌੜ
ਕਾਂਗਰਸ ’ਚ ਕੋਈ ਥੜ੍ਹੇਬੰਦੀ ਨਾ ਹੋਣ ਦਾ ਕੀਤਾ ਦਾਅਵਾ
Advertisement
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਨ ਆਗੂ ਤੇ ਹਲਕਾ ਧੂਰੀ ਦੇ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ ਨੇ ਅਪੀਲ ਕੀਤੀ ਕਿ ਸੂਬਾ ਸਰਕਾਰ ਹੜ੍ਹਾਂ ਪੀੜਤਾਂ ਦੀ ਬਾਂਹ ਫੜ੍ਹੇ। ਉਹ ਅੱਜ ਸ਼ੇਰਪੁਰ ਵਿਖੇ ਪਾਰਟੀ ਦੇ ਸਰਗਰਮ ਆਗੂਆਂ ਨਾਲ ਤਾਲਮੇਲ ਮੀਟਿੰਗ ਕਰਨ ਮਗਰੋਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਇੱਕ ਸੁਆਲ ਦੇ ਜਵਾਬ ’ਚ ਕਿਹਾ ਕਿ ਉਹ ਹਲਕਾ ਮਹਿਲ ਕਲਾਂ ਤੋਂ ਆਪਣੀ ਮਜ਼ਬੂਤ ਦਾਅਵੇਦਾਰੀ ਰੱਖਦੇ ਹਨ ਅਤੇ ਆਪਣੀਆਂ ਭਾਵਨਾਵਾਂ ਪਾਰਟੀ ਅੱਗੇ ਬਕਾਇਦਾ ਰੱਖ ਚੁੱਕੇ ਹਨ। ਹਲਕਾ ਧੂਰੀ ’ਚ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਸ਼ੁਭਮ ਸ਼ੁਭੀ, ਸਰਪੰਚ ਹਰਦੀਪ ਸਿੰਘ ਅਤੇ ਯੂਥ ਕਾਂਗਰਸੀ ਆਗੂ ਅੰਮ੍ਰਿਤਪਾਲ ਬਰਾੜ ਵੱਲੋਂ ਅਗਾਊਂ ਦਿਖਾਈ ਜਾ ਰਹੀ ਦਾਅਵੇਦਾਰੀ ਕਾਰਨ ਧੜ੍ਹਿਆਂ ’ਚ ਵੰਡੀ ਕਾਂਗਰਸ ਨੂੰ ਲੀਹ ’ਤੇ ਲਿਆਉਣ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਮੌੜ ਨੇ ਧੂਰੀ ਹਲਕੇ ’ਚ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਸਹਿ ਇੰਚਾਰਜ ਰਵਿੰਦਰ ਡਾਲਮੀਆ ਦੀ ਮੌਜੂਦਗੀ ਦੌਰਾਨ ਇਨ੍ਹਾਂ ਚਾਰੇ ਕਾਂਗਰਸੀਆਂ ਦੀ ਸਾਂਝੀ ਤੇ ਪ੍ਰਭਾਵਸ਼ਾਲੀ ਮੀਟਿੰਗ ਕਰਵਾਈ ਜਾ ਚੁੱਕੀ ਹੈ ਅਤੇ ਬਹੁਤ ਛੇਤੀ ਪਿੰਡ-ਪਿੰਡ ਕਾਂਗਰਸ ਦੀ ਮਜ਼ਬੂਤੀ ਲਈ ਕਮੇਟੀਆਂ ਬਣਾਏ ਜਾਣ ਮੌਕੇ ਆਗੂ ਇਕੱਠੇ ਤੇ ਇੱਕਜੁੱਟ ਨਜ਼ਰ ਆਉਣਗੇ।
Advertisement
Advertisement