ਸੜਕੀ ਢਾਂਚਾ ਮਜ਼ਬੂਤ ਕਰ ਰਹੀ ਹੈ ਸਰਕਾਰ: ਭਰਾਜ
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਿੰਡ ਘਾਬਦਾਂ ਵਿੱਚ ਨੀਂਹ ਪੱਥਰ ਰੱਖਦਿਆਂ ਸੰਗਰੂਰ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਦੇ ਕੰਮ ਦੀ ਸ਼ੁਰੂਆਤ ਕੀਤੀ। ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ 5.29 ਕਰੋੜ ਰੁਪਏ ਦੀ ਲਾਗਤ ਨਾਲ 17.49 ਕਿਲੋਮੀਟਰ ਸੜਕਾਂ ਬਣਨਗੀਆਂ ਜਿਸ ਵਿਚ ਸੰਗਰੂਰ ਪਟਿਆਲਾ ਰੋਡ ਤੋਂ ਪਿੰਡ ਘਾਬਦਾਂ, ਪਿੰਡ ਜਲਾਨ ਤੋਂ ਭਲਵਾਨ, ਪਿੰਡ ਭਿੰਡਰਾਂ ਤੋਂ ਭਲਵਾਨ ਵਾਇਆ ਲੱਡੀ, ਹਰੀਪੁਰਾ ਬਸਤੀ ਸੰਗਰੂਰ ਤੋਂ ਪਿੰਡ ਗੁਰਦਾਸਪੁਰਾ ਅਤੇ ਚੰਗਾਲ ਗੁਰਦੁਆਰਾ ਸੜਕਾਂ ਸ਼ਾਮਲ ਸਨ; ਜਿਨ੍ਹਾਂ ਦਾ ਕੰਮ ਅੱਜ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਖੋਟੀ ਨੀਅਤ ਅਤੇ ਮਾੜੀਆਂ ਨੀਤੀਆਂ ਕਾਰਨ ਸੂਬਾ ਵਿਕਾਸ ਪੱਖੋਂ ਕਾਫ਼ੀ ਪੱਛੜ ਗਿਆ ਸੀ ਪਰ ਜਦੋਂ ਤੋਂ ‘ਆਪ’ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ’ਤੇ ਸਰਬਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਗਲੇ ਇੱਕ ਸਾਲ ਵਿੱਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਵਿੱਖ ਵਿੱਚ ਵੀ ਹਰ ਤਰ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ। ਸਮਾਗਮਾਂ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਿੰਡਾਂ ਦੇ ਪੰਚ-ਸਰਪੰਚ, ਵੱਖ ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।