ਹੜ੍ਹ ਪੀੜਤਾਂ ਦੀ ਮਦਦ ’ਚ ਜੁਟੀ ਸਰਕਾਰ: ਗੋਇਲ
ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਅੱਜ ਘੱਗਰ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਕੇ ਰਾਹਤ ਕਾਰਜਾਂ ਦਾ ਨਿਰੀਖਣ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਿੰਦਰ ਗੋਇਲ ਨੇ ਕਿਹਾ ਕਿ ਅੱਜ ਘੱਗਰ ਦਰਿਆ ਵਿੱਚ 750.5 ਫੁੱਟ (14425 ਕਿਊਸਿਕ) ਪਾਣੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲਗਾਏ ਗਏ ਅਨੁਮਾਨ ਅਨੁਸਾਰ ਕੱਲ੍ਹ ਤੱਕ 4-5 ਇੰਚ ਪਾਣੀ ਘਟਣਾ ਚਾਹੀਦਾ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਔਖੀ ਅਤੇ ਇਮਤਿਹਾਨ ਦੀ ਘੜੀ ਵਿੱਚ ਉਨ੍ਹਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਬਚਾਉਣ ਲਈ ਉਸਾਰੂ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ 20 ਦਿਨਾਂ ਵਿੱਚ 1 ਵਾਰ ਗੇੜਾ ਮਾਰ ਕੇ ਪੀੜਤ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਘਟਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਹੀ ਹੈ। ਜੇਕਰ ਸੂਬਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਾ ਨਿਭਾਈ ਹੁੰਦੀ ਤਾਂ ਹਾਲਾਤ 7-8 ਦਿਨ ਪਹਿਲਾਂ ਹੀ ਖ਼ਰਾਬ ਹੋ ਜਾਣੇ ਸਨ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਅਗਲੇ 4-5 ਦਿਨਾਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਜਾਵੇਗਾ। ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ 18 ਕਿਲੋਮੀਟਰ ਵਿੱਚ ਪੈਂਦੇ ਘੱਗਰ ਖੇਤਰ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ।
ਵਿਭਾਗ ਦੇ ਬੇਲਦਾਰ ਤੋਂ ਲੈ ਕੇ ਨਿਗਰਾਨ ਇੰਜਨੀਅਰ ਤੱਕ ਦੇ ਅਧਿਕਾਰੀ ਬੰਨ੍ਹ ’ਤੇ ਤਾਇਨਾਤ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਵੇਸਲੇ ਨਾ ਹੋਣ ਸਗੋਂ ਦਰਿਆ ਉੱਤੇ ਚੱਲ ਰਹੇ ਹਰ ਤਰ੍ਹਾਂ ਦੇ ਕੰਮ ਦੀ ਖੁਦ ਵੀ ਨਿਗਰਾਨੀ ਕਰਨ।