ਗੋਲਡਨ ਏਰਾ ਸਕੂਲ ਦੇ ਖਿਡਾਰੀਆਂ ਨੇ ਸ਼ੂਟਿੰਗ ਚੈਂਪੀਅਨਸ਼ਿਪ ਜਿੱਤੀ
ਜ਼ਿਲ੍ਹਾ ਮਾਲੇਰਕੋਟਲਾ ਦੀ ਨਾਮਵਰ ਵਿਦਿਅਕ ਸੰਸਥਾ ਗੋਲਡਨ ਏਰਾ ਮਿਲੇਨੀਅਮ ਪਬਲਿਕ ਸਕੂਲ ਸੁਲਤਾਨਾਪੁਰ ਬਧਰਾਵਾਂ ਦੇ ਹੋਣਹਾਰ ਖਿਡਾਰੀਆਂ ਨੇ ਇਕ ਵਾਰ ਫਿਰ ਜ਼ਿਲ੍ਹਾ ਪੱਧਰੀ ਸੂਟਿੰਗ ਚੈਂਪੀਅਨਸ਼ਿਪ ਜਿੱਤ ਕੇ ਰਾਜ ਪੱਧਰੀ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ ਕਰ ਲਈ ਹੈ। ਗੋਲਡਨ ਏਰਾ ਮਿਲੇਨੀਅਮ ਪਬਲਿਕ ਸਕੂਲ ਸੁਲਤਾਨਾਪੁਰ ਬਧਰਾਵਾਂ ਵਿੱਚ ਹੋਈਆਂ 69ਵੀਂਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਜ਼ੋਨਾਂ ਤੋਂ ਟੀਮਾਂ ਨੇ ਹਿੱਸਾ ਲਿਆ ਅਤੇ ਅੰਡਰ 17 ਉਮਰ ਵਰਗ ਦੇ ਮੁਕਾਬਲਿਆਂ ਵਿਚ ਗੋਲਡਨ ਏਰਾ ਦੇ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਮੋਹਰੀ ਰਹੀਆਂ। ਖਿਡਾਰੀਆਂ ਦੀ ਸ਼ਾਨਦਾਰ ਜਿੱਤ ’ਤੇ ਮੁਬਾਰਕਵਾਦ ਦਿੰਦਿਆਂ ਸਕੂਲ ਦੇ ਚੇਅਰਮੈਨ ਐਡਵੋਕੇਟ ਪ੍ਰੀਤਇੰਦਰ ਸਿੰਘ ਸਿੱਧੂ, ਡਾਇਰੈਕਟਰ ਭਗਵਾਨ ਸਿੰਘ ਗਿੱਲ, ਜ਼ਿਲ੍ਹਾ ਸ਼ੂਟਿੰਗ ਐਸੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਗੁਰਰੀਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਜਾਨਦੀਪ ਸੰਧੂ ਨੇ ਉਮੀਦ ਪ੍ਰਗਟ ਕੀਤੀ ਕਿ ਜ਼ਿਲ੍ਹਾ ਚੈਂਪੀਅਨ ਬਣੇ ਇਹ ਹੋਣਹਾਰ ਖਿਡਾਰੀ ਭਵਿੱਖ ਵਿਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵੱਡੀਆਂ ਉਪਲਬਧੀਆਂ ਦਰਜ ਕਰਵਾਉਣਗੇ।