ਖਤਰੇ ਦੇ ਨਿਸ਼ਾਨ ਨੇੜੇ ਪੁੱਜਿਆ ਘੱਗਰ ਦਾ ਪਾਣੀ
ਪਾਣੀ ਦਾ ਪੱਧਰ 747.7 ਫੁੱਟ ਹੈ ਜਦੋਂਕਿ ਖਤਰੇ ਦਾ ਨਿਸ਼ਾਨ 748 ਫੁੱਟ ’ਤੇ ਹੈ
Advertisement
ਭਾਰੀ ਮੀਂਹ ਅਤੇ ਪਹਾੜੀ ਖੇਤਰਾਂ ਵਿੱਚ ਬੱਦਲ ਫਟਣ ਕਾਰਨ ਘੱਗਰ ਦਰਿਆ ਵਿੱਚ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਨੇ ਅੱਜ ਮਕਰੋੜ ਸਾਹਿਬ ਦਾ ਦੌਰਾ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐੱਸ ਡੀ ਐੱਮ ਮੂਨਕ ਸੂਬਾ ਸਿੰਘ ਸਨ।
ਕੈਬਨਿਟ ਮੰਤਰੀ ਅਮਨ ਅਰੋੜਾ ਤੇ ਗੋਇਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਅਤੇ ਪਹਾੜੀ ਖੇਤਰਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੰਜਾਬ ਨੂੰ ਕੁਦਰਤ ਦੀ ਬਹੁਤ ਵੱਡੀ ਮਾਰ ਪਈ ਹੈ। ਪੰਜਾਬ ਇਸ ਵੇਲੇ ਤਰਸਯੋਗ ਹਾਲਤ ਵਿਚੋਂ ਗੁੱਜਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਸਥਿਤੀ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਘੱਗਰ ਦਰਿਆ ਵਿੱਚ ਇਸ ਵੇਲੇ 12000 ਕਿਊਸਿਕ ਪਾਣੀ ਚੱਲ ਰਿਹਾ ਹੈ। ਜਦੋਂਕਿ ਪਾਣੀ ਸੰਭਾਲਣ ਦੀ ਸਮਰੱਥਾ 12200 ਕਿਊਸਿਕ ਹੈ। ਖਨੌਰੀ ਪਾਣੀ ਦਾ ਪੱਧਰ 747.7 ਫੁੱਟ ਹੈ ਜਦੋਂਕਿ ਖਤਰੇ ਦਾ ਨਿਸ਼ਾਨ 748 ਫੁੱਟ ਉੱਤੇ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਵਿੱਚ ਘੱਗਰ ਦਰਿਆ ਵਿੱਚ 753 ਫੁੱਟ ਉੱਤੇ ਜਿਹੜੇ 15 ਜਗ੍ਹਾ ਪਾੜ ਪਏ ਸਨ, ਉਨ੍ਹਾਂ ਦੇ ਕਿਨਾਰਿਆਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਗਿਆ ਹੈ।
ਅਮਨ ਅਰੋੜਾ ਨੇ ਕਿਹਾ ਕਿ ਮਕਰੋੜ ਸਾਹਿਬ ਤੱਕ ਘੱਗਰ ਦਰਿਆ ਦੀ ਚੌੜਾਈ 598 ਫੁੱਟ ਹੈ ਜਦਕਿ ਇਸ ਤੋਂ ਅੱਗੇ ਚੌੜਾਈ ਘੱਟ ਕੇ 198 ਫੁੱਟ ਰਹਿ ਜਾਂਦੀ ਹੈ, ਜਿਸ ਕਾਰਨ ਅੱਗੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਪਾੜ ਪੈ ਜਾਂਦਾ ਹੈ। ਹਰਿਆਣਾ ਸਰਕਾਰ ਵੱਲੋਂ ਸੁਪਰੀਮ ਕੋਰਟ ਰਾਹੀਂ ਲਈ ਸਟੇਅ ਦੇ ਚੱਲਦਿਆਂ ਸਰਕਾਰ ਇਸ ਨੂੰ ਚੌੜਾ ਨਹੀਂ ਕਰ ਸਕਦੀ।
ਦੱਸਣਯੋਗ ਹੈ ਕਿ ਮੌਜੂਦਾ ਹੜ੍ਹ ਸਥਿਤੀ ਅਤੇ ਘੱਗਰ ਦਰਿਆ ਵਿੱਚ ਵਧੇ ਹੋਏ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਜ਼ਿਲ੍ਹਾ ਸੰਗਰੂਰ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਕੰਢਿਆਂ ’ਤੇ ਰਾਤ ਦੀ ਚੌਕਸੀ (ਠੀਕਰੀ ਪਹਿਰੇ) ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
Advertisement
Advertisement