ਪੁਰਾਣੇ ਪਾੜ ਕਾਰਨ ਘੱਗਰ ਦਾ ਪਾਣੀ ਖੇਤਾਂ ’ਚ ਵੜਿਆ
ਘੱਗਰ ਦਰਿਆ ਅਤੇ ਟਾਂਗਰੀ ਨਦੀ ਦੇ ਪਾਣੀ ਦੀ ਮਾਰ ਹੇਠ ਆਉਂਦੇ ਇਲਾਕਿਆਂ ਦੇ ਲੋਕਾਂ ਵਿੱਚ ਸਹਿਮ ਹੈ। ਪਹਾੜਾਂ ਵਿੱਚ ਮੀਂਹ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪ੍ਰਸ਼ਾਸਨ ਵੱਲੋਂ ਦਰਿਆ ਕੰਢੇ ਵੱਸੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਘਨੌਰ ਹਲਕੇ ਦੇ ਪਿੰਡ ਕਾਮੀ ਖੁਰਦ ਨੇੜੇ ਘੱਗਰ ਵਿੱਚ ਤਿੰਨ ਸਾਲ ਪਹਿਲਾਂ ਪਏ ਪਾੜ ਕਾਰਨ ਕਾਮੀ ਖੁਰਦ, ਚਮਾਰੂ, ਬੱਲੋਪੁਰ ਤੇ ਊਂਟਸਰ ਦੇ ਖੇਤਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਸਥਾਨਕ ਲੋਕਾਂ ਅਨੁਸਾਰ ਜੇਕਰ ਪਾਣੀ ਹੋਰ ਵਧ ਜਾਂਦਾ ਹੈ ਤਾਂ ਪਾੜ ਕਾਰਨ ਕਾਮੀ ਖ਼ੁਰਦ ਤੇ ਨੇੜਲੇ ਪਿੰਡਾਂ ਦੇ ਖੇਤਾਂ ਵਿੱਚ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਵੇਗਾ। ਕਾਮੀ ਖ਼ੁਰਦ ਦੇ ਸਰਪੰਚ ਨਰ ਸਿੰਘ ਨੇ ਦੱਸਿਆ ਕਿ ਘੱਗਰ ਵਿੱਚ ਪਾਣੀ ਵਧ ਰਿਹਾ ਹੈ। ਤਿੰਨ ਸਾਲ ਪਹਿਲਾਂ ਪਏ ਪਾੜ ਕਾਰਨ ਪਾਣੀ ਖੇਤਾਂ ਵਿਚ ਵੜਨਾ ਸ਼ੁਰੂ ਹੋ ਗਿਆ ਹੈ ਪਰ ਅਜੇ ਖ਼ਤਰੇ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਜ਼ਿਆਦਾ ਵਧ ਗਿਆ ਤਾਂ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਘੱਗਰ ਵਿੱਚ ਪਾਣੀ ਦਾ ਪੱਧਰ ਦੇਖਣ ਲਈ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਦੀ ਨਿਗਰਾਨੀ ਲਈ ਤਾਇਨਾਤ ਕੀਤੇ ਸੀਨੀਅਰ ਆਈਏਐੱਸ ਅਧਿਕਾਰੀ ਮੁਹੰਮਦ ਤਾਇਬ ਅਤੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਘੱਗਰ ਦਰਿਆ ਦਾ ਜਾਇਜ਼ਾ ਲਿਆ। ਦੋਵਾਂ ਅਧਿਕਾਰੀਆਂ ਨੇ ਸਰਾਲਾ ਹੈੱਡ ’ਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜਿਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ। ਡੀਸੀ ਨੇ ਦੱਸਿਆ ਕਿ ਇਸ ਵੇਲੇ ਘੱਗਰ ਦਰਿਆ ’ਚ ਭਾਂਖਰਪੁਰ ਵਿੱਚ 5 ਫੁੱਟ ਗੇਜ ’ਤੇ ਅਤੇ ਸਰਾਲਾ ਹੈੱਡ ’ਤੇ 11 ਫੁੱਟ ਗੇਜ ’ਤੇ ਪਾਣੀ ਵਹਿ ਰਿਹਾ ਹੈ। ਇਹ ਪਾਣੀ ਦੇਰ ਰਾਤ ਤੱਕ ਕੁਝ ਵਧੇਗਾ ਪਰ ਫੇਰ ਘਟਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਘੱਗਰ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਦਾ ਪੱਧਰ ਘੱਟ ਗਿਆ ਹੈ ਜਿਸ ਕਾਰਨ ਪਟਿਆਲਾ ਜ਼ਿਲ੍ਹੇ ਵਿੱਚ ਫ਼ਿਲਹਾਲ ਪਾਣੀ ਵਧਣ ਦਾ ਖ਼ਦਸ਼ਾ ਨਹੀਂ ਹੈ। ਟਾਂਗਰੀ ਅਤੇ ਮਾਰਕੰਡਾ ਨਦੀ ’ਚ ਬੇਸ਼ੱਕ ਵੱਧ ਪਾਣੀ ਵਹਿ ਰਿਹਾ ਹੈ ਪਰ ਖ਼ਤਰੇ ਦੀ ਕੋਈ ਗੱਲ ਨਹੀਂ ਫਿਰ ਵੀ ਡਰੇਨੇਜ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਪਾਣੀ ਬਾਰੇ ਹੜ੍ਹ ਕੰਟਰੋਲ ਰੂਮ ਦੇ ਨੰਬਰਾਂ 0175-2350550 ਤੇ 2358550 ’ਤੇ ਜਾਣਕਾਰੀ ਦਿੱਤੀ ਜਾਵੇ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਹਲਕਾ ਸਨੌਰ ਦੀ ਨਿਗਰਾਨੀ ਲਈ ਤਾਇਨਾਤ ਕੀਤੇ ਸੀਨੀਅਰ ਅਧਿਕਾਰੀ ਮੁਹੰਮਦ ਤਾਇਬ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਹਲਕਾ ਸਨੌਰ ਦੇ ਪਿੰਡ ਮਾੜੂ ਵਿੱਚ ਘੱਗਰ ਦਰਿਆ ਦਾ ਦੌਰਾ ਕਰਕੇ ਪਾਣੀ ਦੇ ਵਹਾਅ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਮੌਕੇ ਘੱਗਰ ਦੇ ਕਮਜ਼ੋਰ ਕਿਨਾਰਿਆਂ ‘ਤੇ ਡਰੇਨੇਜ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੀ ਨਿਰੀਖਣ ਕੀਤਾ। ਦੋਵਾਂ ਅਧਿਕਾਰੀਆਂ ਨੇ ਇਲਾਕੇ ਦੇ ਪਤਵੰਤਿਆਂ ਨਾਲ ਮੁਲਾਕਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜਿਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ।
ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ: ਡੀਸੀ
ਸੰਗਰੂਰ (ਗੁਰਦੀਪ ਸਿੰਘ ਲਾਲੀ): ਘੱਗਰ ਨਦੀ ਦੇ ਕੈਚਮੈਂਟ ਖੇਤਰਾਂ ਵਿੱਚ ਲਗਾਤਾਰ ਮੀਂਹ ਅਤੇ ਉਪਰਲੇ ਸੁਖਨਾ ਗੇਟਾਂ ਤੋਂ ਪਾਣੀ ਛੱਡੇ ਜਾਣ ਕਾਰਨ ਅਗਲੇ 48 ਘੰਟਿਆਂ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਨਦੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘੱਗਰ ਦੀ ਸਥਿਤੀ ਉਪਰ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਰਤਮਾਨ ਸਮੇਂ ਖਨੌਰੀ ਵਿਖੇ ਘੱਗਰ ਨਦੀ ਦਾ ਪਾਣੀ ਦਾ ਪੱਧਰ 743 ਫੁੱਟ ਹੈ, ਜਦਕਿ ਖਤਰੇ ਦਾ ਨਿਸ਼ਾਨ 748 ਫੁੱਟ ਹੈ ਜਿਸ ਉਪਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ ਅਤੇ ਆਪਣੇ ਸਟੇਸ਼ਨ ਨਾ ਛੱਡਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ 35,000 ਰੇਤ ਦੀਆਂ ਬੋਰੀਆਂ ਤਿਆਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਉਹ ਸਿੰਚਾਈ ਵਿਭਾਗ ਨਾਲ 87250-29785 ’ਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ 01672-234196 ’ਤੇ ਸੰਪਰਕ ਕਰ ਸਕਦੇ ਹਨ।
ਸਾਬਕਾ ਵਿਧਾਇਕ ਚੰਦੂਮਾਜਰਾ ਵੱਲੋਂ ਘੱਗਰ ਤੇ ਟਾਂਗਰੀ ਦਾ ਦੌਰਾ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੇਵੀਗੜ੍ਹ ਇਲਾਕੇ ਵਿੱਚ ਹੜ੍ਹਾਂ ਦਾ ਖਤਰਾ ਹੈ ਪਰ ਪ੍ਰਸ਼ਾਸਨ ਅਜੇ ਵੀ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਟਾਂਗਰੀ, ਮਾਰਕੰਡਾ, ਘੱਗਰ ਅਤੇ ਮੀਰਾਂਪੁਰ ਚੋਅ ਦੇ ਬੰਨ੍ਹ ਮਜ਼ਬੂਤ ਨਹੀਂ ਕੀਤੇ। ਉਹ ਅੱਜ ਘੱਗਰ, ਮਾਰਕੰਡਾ, ਟਾਂਗਰੀ ਨਦੀ ਅਤੇ ਹੋਰ ਇਲਾਕੇ ਦਾ ਦੌਰਾ ਕਰਨ ਮੌਕੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਟਾਂਗਰੀ ਨਦੀ ਦੇ ਬੰਨ੍ਹਾਂ ਦੀ ਸਫਾਈ ਦਾ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸਿਰਫ ਮੌਸਮ ਵਿਭਾਗ ਵਾਲੇ ਹੀ ਲੋਕਾਂ ਨੂੰ ਮੌਸਮ ਦੀ ਜਾਣਕਾਰੀ ਦੇ ਰਹੇ ਹਨ ਕਿ ਘੱਗਰ, ਟਾਂਗਰੀ, ਮਾਰਕੰਡਾ ਵਿੱਚ ਭਾਰੀ ਪਾਣੀ ਆ ਸਕਦਾ ਹੈ ਤੇ ਪਰ ਪ੍ਰਸ਼ਾਸਨ ਦੇ ਕਰਨ ਵਾਲਾ ਜਿਹੜਾ ਕੰਮ ਸੀ ਉਹ ਪ੍ਰਸ਼ਾਸਨ ਨੇ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜਗਜੀਤ ਸਿੰਘ ਕੋਹਲੀ, ਕੈਪਟਨ ਖੁਸ਼ਵੰਤ ਸਿੰਘ, ਰਾਜ ਕੁਮਾਰ ਸੈਣੀ, ਤਰਲੋਕ ਸਿੰਘ ਹਾਜੀਪੁਰ ਅਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ।
ਪਠਾਣਮਾਜਰਾ ਵੱਲੋਂ ਚੌਕਸ ਰਹਿਣ ਦੀ ਅਪੀਲ
ਦੇਵੀਗੜ੍ਹ (ਨਿੱਜੀ ਪੱਤਰ ਪ੍ਰੇਰਕ /ਪੱਤਰ ਪ੍ਰੇਰਕ): ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਘੱਗਰ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਵਿੱਚ ਸੁਖਨਾ ਝੀਲ ਵਿਚੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦੇ ਰਾਤ ਤੱਕ ਦੇਵੀਗੜ੍ਹ ਇਲਾਕੇ ਵਿੱਚ ਪਹੁੰਚਣ ਦੀ ਉਮੀਦ ਹੈ। ਇਸ ਖਤਰੇ ਨੂੰ ਵੇਖਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੁੂਆਂ ਨੂੰ ਉੱਚੀਆਂ ਥਾਵਾਂ ’ਤੇ ਲਿਜਾਣ ਅਤੇ ਲੋਕ ਆਪਣਾ ਖਾਣ ਪੀਣ ਦਾ ਸਾਮਾਨ ਇਕੱਠਾ ਕਰ ਲੈਣ ਤਾਂ ਕਿ ਕਿਸੇ ਆਉਣ ਵਾਲੀ ਆਫਤ ਤੋਂ ਬਚਿਆ ਜਾ ਸਕੇ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਇਸ ਪਾਣੀ ਦੇ ਘੱਗਰ ਤੋਂ ਇਲਾਵਾ ਟਾਂਗਰੀ ਨਦੀ, ਮਾਰਕੰਡਾ ਅਤੇ ਮੀਰਾਂਪੁਰ ਚੋ ਵਿੱਚ ਵੀ ਆਉਣ ਨਾਲ ਭਾਰੀ ਖਤਰਾ ਹੈ। ਪਠਾਣਮਾਜਰਾ ਨੇ ਲੋੜ ਪੈਣ 'ਤੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰਨ ਲਈ ਆਖਿਆ ਹੈ।