ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਗਰੋਹ ਦਾ ਪਰਦਾਫਾਸ਼
ਇੱਥੋਂ ਦੀ ਪੁਲੀਸ ਵਲੋਂ ਪਿੰਡ ਹਸਨਪੁਰ ਵਿਖੇ ਮਕਾਨ ਦੇ ਬਾਹਰ ਫਾਇਰਿੰਗ ਕਰਨ ਵਾਲੇ ਗਰੋਹ ਦਾ 24 ਘੰਟਿਆਂ ਦੇ ਅੰਦਰ ਅੰਦਰ ਪਰਦਾਫਾਸ਼ ਕਰਦਿਆਂ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਸਮੇਂ ਵਰਤੇ 3 ਦੇਸੀ ਪਿਸਤੌਲ ਸਮੇਤ ਮੈਗਜ਼ੀਨ, ਬੋਲੇਰੋ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਵਾਸੀ ਪਿੰਡ ਹਸਨਪੁਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਬੀਤੀ ਰਾਤ ਕਰੀਬ ਡੇਢ ਤੋਂ ਦੋ ਵਜੇ ਦਰਮਿਆਨ ਕਿਸੇ ਨੇ ਘਰ ਦੇ ਬਾਹਰ ਫਾਇਰਿੰਗ ਕੀਤੀ। ਕੁਲਵਿੰਦਰ ਸਿੰਘ ਵੱਲੋਂ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਵਾਰਦਾਤ ਕਰਵਾਉਣ ਵਿੱਚ ਹਰਮਨਪ੍ਰੀਤ ਸਿੰਘ ਪਿੰਡ ਮੂਲੋਵਾਲ ਥਾਣਾ ਸਦਰ ਧੂਰੀ ਸ਼ਾਮਲ ਹੈ। ਮੁਲਜ਼ਮਾਂ ਨੇ ਦੱਸਿਆ ਕਿ ਇਹ ਵਾਰਦਾਤ ਨਵਜੋਤ ਸਿੰਘ, ਹਰਮਨ ਸਿੰਘ ਅਤੇ ਅਮਰਿੰਦਰ ਸਿੰਘ ਕਰਕੇ ਗਏ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗੱਲ ਸਾਹਮਣੇ ਆਈ ਕਿ ਆਸਰਟਰੇਲੀਆ ਦੇ ਅਵਰੀਤ ਸਿੰਘ ਦਾ ਅਰਸ਼ਦੀਪ ਸਿੰਘ ਸਿੱਧੂ ਨਾਲ ਝਗੜਾ ਹੋਇਆ ਸੀ ਤੇ ਸਬਕ ਸਿਖਾਉਣ ਦੀ ਧਮਕੀ ਦਿੰਦਿਆਂ ਅਵਰੀਤ ਸਿੰਘ ਨੇ ਇਹ ਵਾਰਦਾਤ ਕਰਵਾਈ ਹੈ।