ਅੱਠ ਅਨਾਜ ਮੰਡੀਆਂ ’ਚ ਬਣਨ ਵਾਲੇ ਸ਼ੈੱਡਾਂ ਦੇ ਨੀਂਹ ਪੱਥਰ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਮਾਰਕਿਟ ਕਮੇਟੀ ਚੀਮਾ ਦੀਆਂ ਵੱਖ-ਵੱਖ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਕਰੀਬ 1 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖੇ। ਵੱਖ-ਵੱਖ ਪਿੰਡਾਂ ਵਿੱਚ ਪਿੰਡ ਢੱਡਰੀਆਂ, ਝਾੜੋਂ, ਸ਼ੇਰੋਂ, ਦਿਆਲਗੜ੍ਹ, ਸ਼ਾਹਪੁਰ ਕਲਾਂ, ਤੋਲਾਵਾਲ, ਤੋਗਾਵਾਲ ਅਤੇ ਲੋਹਾਖੇੜਾ ਦੇ ਖਰੀਦ ਕੇਂਦਰ ਸ਼ਾਮਲ ਹਨ। ਲੌਂਗੋਵਾਲ ਨੇੜਲੇ ਪਿੰਡ ਢੱਡਰੀਆਂ ਦੀ ਅਨਾਜ ਮੰਡੀ ਵਿੱਚ ਨੀਂਹ ਪੱਥਰ ਰੱਖਣ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸ਼ੈੱਡਾਂ ਜ਼ਰੀਏ ਇਹ ਯਕੀਨੀ ਬਣਾਇਆ ਜਾਵੇਗਾ ਕਿ ਖਰੀਦ ਸੀਜ਼ਨ ਦੌਰਾਨ ਕਿਸਾਨ ਅਤੇ ਉਨ੍ਹਾਂ ਦੀ ਉਪਜ ਮੌਸਮੀ ਸਥਿਤੀਆਂ ਤੋਂ ਸੁਰੱਖਿਅਤ ਰਹੇ ਅਤੇ ਨਾਲ ਹੀ ਮੰਡੀ ਦੇ ਕੰਮਕਾਜ ਨੂੰ ਵੀ ਸੁਚਾਰੂ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਦੋ ਮਹੀਨੇ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਪ੍ਰਾਜੈਕਟ ਤਹਿਤ 100 ਗੁਣਾ 50 ਫੁੱਟ ਆਕਾਰ ਦੇ ਤਿੰਨ ਵੱਡੇ ਸ਼ੈੱਡ ਅਨਾਜ ਮੰਡੀ ਝਾੜੋਂ ਵਿੱਚ ਕਰੀਬ 31.66 ਲੱਖ ਰੁਪਏ, ਢੱਡਰੀਆਂ ਵਿੱਚ ਕਰੀਬ 31.66 ਲੱਖ ਰੁਪਏ ਅਤੇ ਸ਼ੇਰੋਂ ਵਿੱਚ 31.66 ਲੱਖ ਰੁਪਏ ਦੀ ਲਾਗਤ ਨਾਲ ਬਣਨਗੇ। ਇਸ ਤੋਂ ਇਲਾਵਾ 35 ਗੁਣਾ 35 ਫੁੱਟ ਆਕਾਰ ਦੇ ਪੰਜ ਦਰਮਿਆਨੇ ਸ਼ੈੱਡ ਦਿਆਲਗੜ੍ਹ ਮੰਡੀ, ਸ਼ਾਹਪੁਰ ਕਲਾਂ ਦੀ ਮੰਡੀ, ਤੋਲਾਵਾਲ ਮੰਡੀ, ਤੋਗਾਵਾਲ ਮੰਡੀ ਅਤੇ ਲੋਹਾ ਖੇੜੀ ਮੰੰਡੀ ਵਿੱਚ ਬਣਨਗੇ ਅਤੇ ਪ੍ਰਤੀ ਸ਼ੈੱਡ 7.35 ਲੱਖ ਰੁਪਏ ਦੀ ਲਾਗਤ ਆਵੇਗੀ। ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਕਿਸੇ ਵੀ ਹਾਲ ਅੱਗ ਨਾ ਲਾਈ ਜਾਵੇ। ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।