ਢੱਡਰੀਆਂ ’ਚ ਸਰਕਾਰੀ ਆਈ ਟੀ ਆਈ ਦਾ ਨੀਂਹ ਪੱਥਰ
ਸਮਾਗਮ ਵਿਚ ਇਲਾਕੇ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਤਰੱਕੀ ਪੱਖੋਂ ਪਛੜਿਆ ਰਿਹਾ ਇਹ ਇਲਾਕਾ ਅੱਜ ਵਿਕਾਸ ਦੀ ਨਵੀਂ ਅੰਗੜਾਈ ਲੈ ਰਿਹਾ ਹੈ ਜੋ ਕਿ ਇਲਾਕੇ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਇਸ ਸੰਸਥਾ ਦੀ ਮਨਜ਼ੂਰੀ ਲਈ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਪੂਰਨ ਮਨੁੱਖ ਦੀ ਕਲਪਨਾ ਲਈ ਪ੍ਰਮਾਤਮਾ ਦਾ ਨਾਮ ਅਤੇ ਵਿੱਦਿਆ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਇਸ ਇਲਾਕੇ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 13.54 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸਰਕਾਰੀ ਆਈ ਟੀ ਆਈ ਨੂੰ ਇੱਕ ਸਾਲ ਵਿਚ ਚਾਲੂ ਕਰਨ ਦਾ ਟੀਚਾ ਹੈ, ਜਿਸ ਨਾਲ ਇਲਾਕੇ ਦੇ ਵਿਕਾਸ ਅਤੇ ਨੌਜਵਾਨਾਂ ਲਈ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ। ਵੱਖ-ਵੱਖ ਨਵੇਂ ਯੁੱਗ ਦੇ ਕੋਰਸਾਂ ਵਿਚ ਕਰੀਬ 300 ਨੌਜ਼ਵਾਨਾਂ ਨੂੰ ਸਿਖਲਾਈ ਸਹੂਲਤਾਂ ਪ੍ਰਦਾਨ ਕਰੇਗੀ। ਇਹ ਸੰਸਥਾ ਇਲਾਕੇ ਦੇ ਆਲੇ ਦੁਆਲੇ ਦੇ ਪੇਂਡੂ ਖਾਸ ਕਰਕੇ 15 ਪਿੰਡਾਂ ਲਈ ਇੱਕ ਹੁਨਰ ਵਿਕਾਸ ਕੇਂਦਰ ਵਜੋਂ ਕੰਮ ਕਰੇਗੀ ਅਤੇ ਰੁਜ਼ਗਾਰ ਪੈਦਾ ਕਰਨ ਅਤੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਵੇਗੀ। ਸਮਾਗਮ ਦੌਰਾਨ ਇਲਾਕੇ ਦੀਆਂ ਪੰਚਾਇਤਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਅਤੇ ਮੰਤਰੀ ਅਮਨ ਅਰੋੜਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਇਸ ਮੌਕੇ ਚਰਨਜੋਤ ਸਿੰਘ ਵਾਲੀਆ ਐੱਸ ਡੀ ਐੱਮ ਸੰਗਰੂਰ ਅਤੇ ਆਪ ਆਗੂ, ਇਲਾਕੇ ਦੇ ਪੰਚ-ਸਰਪੰਚ ਵੀ ਮੌਜੂਦ ਸਨ।
