ਸਾਬਕਾ ਡੀ ਜੀ ਪੀ ਮੁਸਤਫ਼ਾ ਦਾ ਪੁੱਤ ਸਪੁਰਦੇ-ਖ਼ਾਕ
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤ ਆਕਿਲ ਅਖ਼ਤਰ (33) ਨੂੰ ਬੀਤੀ ਦੇਰ ਸ਼ਾਮ ਯੂਪੀ ਦੇ ਸਹਾਰਨਪੁਰ ਨੇੜੇ ਜੱਦੀ ਪਿੰਡ ਹਰੜਾ ਖੇੜੀ ਵਿੱਚ ਸਪੁਰਦੇ-ਖਾਕ ਕੀਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਵੀਰਵਾਰ ਦੀ ਰਾਤ ਘਰ ਦੀ ਪਹਿਲੀ ਮੰਜ਼ਿਲ ’ਤੇ ਸੁੱਤਾ ਆਕਿਲ ਅਖਤਰ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਆਕਿਲ ਅਖ਼ਤਰ ਦੇ ਦੇਹਾਂਤ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਲੋਕ ਸਭਾ ਮੈਂਬਰ ਇਮਰਾਨ ਮਸੂਦ, ਸਾਬਕਾ ਚੇਅਰਮੈਨ ਹਾਜੀ ਤੁਫੈਲ ਮਲਿਕ, ਸੁਮਿਤ ਮਾਨ ਅਮਰਗੜ੍ਹ, ਮੁਫ਼ਤੀ-ਏ ਪੰਜਾਬ ਮੌਲਾਨਾ ਇਰਤਕਾ ਉਲ ਹਸਨ ਕਾਂਧਲਵੀ ਸਣੇ ਵੱਡੀ ਗਿਣਤੀ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਮੁਹੰਮਦ ਮੁਸਤਫਾ ਅਤੇ ਰਜ਼ੀਆ ਸੁਲਤਾਨਾ ਨਾਲ ਦੁੱਖ ਸਾਂਝਾ ਕੀਤਾ। ਪੰਚਾਇਤ ਸੰਮਤੀ ਮਾਲੇਰਕੋਟਲਾ ਦੇ ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ ਅਤੇ ਕਾਂਗਰਸੀ ਆਗੂ ਸੁਭਾਸ਼ ਚੰਦਰ ਕੁਠਾਲਾ ਮੁਤਾਬਿਕ ਸਾਬਕਾ ਆਕਿਲ ਅਖਤਰ ਦੀ ਮੌਤ ’ਤੇ ਸੋਗ ਵਜੋਂ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਕਾਂਗਰਸੀ ਆਗੂ ਅਤੇ ਵਰਕਰ ਐਤਕੀਂ ਦੀਵਾਲੀ ਨਹੀਂ ਮਨਾਉਣਗੇ।