ਐੱਸਡੀਆਰਐਫ਼ ਦੇ ਨਿਰਦੇਸ਼ਾਂ ਨੂੰ ਅਣਗੌਲਿਆ ਕਰਨ ਦੀ ਬਦੌਲਤ ਹੜ੍ਹ ਆਏ: ਭਾਜਪਾ
ਭਾਜਪਾ ਵੱਲੋਂ ਪੰਜਾਬ ਵਿਚ ਆਏ ਹੜ੍ਹਾਂ ਲਈ ਪੰਜਾਬ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਭਾਜਪਾ ਦੇ ਕੋਰ ਕਮੇਟੀ ਮੈਂਬਰ ਸੀਨੀਅਰ ਭਾਜਪਾ ਜੀਵਨ ਗੁਪਤਾ ਅਤੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ ਨੇ ਇਥੇ ਪਾਰਟੀ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਸਡੀਆਰਐਫ ਦੇ ਦਿਸ਼ਾ ਨਿਰਦੇਸ਼ਾਂ ਨੂੰ ਅਣਗੌਲਿਆ ਕੀਤਾ ਗਿਆ ਜਿਸ ਕਾਰਨ ਪੰਜਾਬ ਵਿਚ ਹੜ੍ਹਾਂ ਨਾਲ ਭਾਰੀ ਤਬਾਹੀ ਹੋਈ। ਉਨ੍ਹਾਂ ਕਿਹਾ ਕਿ
ਐੱਸ ਡੀ ਆਰ ਐੱਫ ਵੱਲੋਂ ਹੜ੍ਹਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਅਗਾਂਹੂ ਪ੍ਰਬੰਧ ਕਰਨ ਲਈ ਬਹੁਤ ਸਾਰੇ ਦਿਸ਼ਾ ਨਿਰਦੇਸ਼ ਦਿੱਤੇ ਸਨ, ਜਿਸ ਉਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਤੋਂ ਪਹਿਲਾਂ ਕੋਈ ਵਿਉਂਤਬੰਦੀ ਅਤੇ ਕਿਸੇ ਕਿਸਮ ਦੀ ਮੌਕ ਡਰਿੱਲ ਨਹੀਂ ਕੀਤੀ ਗਈ। ਬੰਨ੍ਹਾਂ ਦੀ ਮਜ਼ਬੂਤੀ, ਨਦੀਆਂ ਅਤੇ ਨਿਕਾਸੀ ਨਾਲਿਆਂ ਦੀ ਸਫਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਤੋਂ ਇਲਾਵਾ ਡੈਮਾਂ ਦੇ ਪ੍ਰਬੰਧਨ ਅਤੇ ਪਾਣੀ ਨੂੰ ਲੈ ਕੇ ਖੂਬ ਰਾਜਨੀਤੀ ਕੀਤੀ ਗਈ ਅਤੇ ਉਸੇ ਰਾਜਨੀਤੀ ਦੀ ਭੇਟ ਪੰਜਾਬ ਵਾਸੀ ਚੜ੍ਹ ਗਏ। ਭਾਜਪਾ ਆਗੂਆਂ ਨੇ ਦੋਸ਼ ਲਗਾਏ ਕਿ ਜਦੋਂ ਹੜ੍ਹਾਂ ਦੇ ਅਗਾਂਹੂ ਪ੍ਰਬੰਧ ਕਰਨੇ ਸੀ, ਉਦੋਂ ਮੁੱਖ ਮੰਤਰੀ ਸਮੇਤ ਪੰਜਾਬ ਵਿੱਚ ਸਾਰੀ ਲੀਡਰਸ਼ਿਪ ਦਿੱਲੀ ਚੋਣਾਂ ਵਿੱਚ ਆਪਣੀ ਆਕਾ ਕੇਜਰੀਵਾਲ ਲਈ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਸੀ। ਆਗੂਆਂ ਨੇ ਕਿਹਾ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕੇਂਦਰ ਵੱਲੋਂ ਐਸਡੀਆਰਐਫ ਰਾਹੀਂ 240 ਕਰੋੜ ਰੁਪਏ ਭੇਜੇ ਗਏ ਪਰ ਪੰਜਾਬ ਸਰਕਾਰ ਇਸ ਫੰਡ ਨੂੰ ਪੂਰੀ ਤਰਾਂ ਵਰਤਣ ਵਿੱਚ ਨਾਕਾਮ ਰਹੀ। ਭਾਰੀ ਬਾਰਿਸ਼ ਦੀਆਂ ਸ਼ੁਰੂਆਤੀ ਚਿਤਾਵਨੀਆਂ ਦੇ ਬਾਵਜੂਦ 24 ਅਗਸਤ 2025 ਤੱਕ ਭੰਡਾਰ ਵਿਚ ਕੋਈ ਸਟੋਰੇਜ ਸਮਰੱਥਾ ਨਹੀਂ ਬਣਾਈ ਗਈ ਸੀ, ਜਦੋਂ ਪਾਣੀ ਦੀ ਆਮਦ 1, 70,000 ਕਿਊਸਿਕ ਤੋਂ ਵੱਧ ਗਈ। 25 ਤੋਂ 27 ਅਗਸਤ 2025 ਨੂੰ ਹੀ 2, 50,000 ਕਿਊਸਿਕ ਤੱਕ ਪਾਣੀ ਛੱਡਿਆ ਗਿਆ ਜਿਸ ਨਾਲ ਕਰਤਾਰਪੁਰ ਕੋਰੀਡੋਰ, ਡੇਰਾ ਬਾਬਾ ਨਾਨਕ, ਅਜਨਾਲਾ ਵਿਚ ਹੜ੍ਹ ਆਏ ਅਤੇ ਮਾਧੋਪੁਰ ਹੈਡਵਰਕਸ ਨੂੰ ਨੁਕਸਾਨ ਪੁੱਜਿਆ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਗੰਭੀਰ ਨਹੀਂ ਅਤੇ ਸਾਰੇ ਦੋਸ਼ ਕੇਂਦਰ ਉਪਰ ਥੋਪਣ ਦੇ ਯਤਨ ਕਰ ਰਹੀ ਹੈ।
ਹਾਲੇ ਤੱਕ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਕੋਈ ਪੱਕੀ ਰਿਪੋਰਟ ਤੱਕ ਤਿਆਰ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਮੂਆਵਜ਼ਾ ਦਿੱਤਾ ਗਿਆ ਹੈ।