ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਉਣ ਦੀ ਝੜੀ ਨਾਲ ਸੰਗਰੂਰ ’ਚ ਜਲ-ਥਲ

ਕਈ ਕਲੋਨੀਆਂ ਵਿੱਚ ਪਾਣੀ ਭਰਿਆ; ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਦੀ ਕੰਧ ਡਿੱਗੀ
ਸੰਗਰੂਰ ਦੇ ਧੂਰੀ ਗੇਟ ਬਾਜ਼ਾਰ ਵਿੱਚ ਭਰਿਆ ਮੀਂਹ ਦਾ ਪਾਣੀ।
Advertisement

ਸਾਉਣ ਦੀ ਝੜੀ ਨੇ ਅੱਜ ਸਥਾਨਕ ਸ਼ਹਿਰ ਜਲ-ਥਲ ਕਰ ਦਿੱਤਾ। ਅੱਜ ਤੜਕੇ ਪਏ ਭਾਰੀ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਮੀਂਹ ਨਾਲ ਕਿਸਾਨ ਵੀ ਬਾਗੋਬਾਗ ਹਨ ਕਿਉਂਕਿ ਮੀਂਹ ਨੇ ਝੋਨੇ ਦੇ ਖੇਤਾਂ ਦੀ ਤਸੱਲੀ ਕਰਵਾ ਦਿੱਤੀ ਹੈ। ਮੀਂਹ ਕਾਰਨ ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਦੀ ਕੰਧ ਡਿੱਗ ਪਈ ਅਤੇ ਕਈ ਕਲੋਨੀਆਂ ’ਚ ਪਾਣੀ ਭਰਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਹੀ ਤੇਜ਼ ਮੀਂਹ ਸ਼ੁਰੂ ਹੋਇਆ ਜਿਸ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਪਾਣੀ ਭਰਨ ਕਾਰਨ ਲੋਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਧੂਰੀ ਗੇਟ ਬਾਜ਼ਾਰ ਨੂੰ ਜਾਂਦੀ ਸੜਕ ਜਲ-ਥਲ ਹੋ ਗਈ ਅਤੇ ਸੜਕ ’ਤੇ ਗੋਡੇ-ਗੋਡੇ ਪਾਣੀ ਭਰ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਰਣਬੀਰ ਕਲੱਬ ਰੋਡ, ਬੀਐੱਸਐੱਨਐੱਲ ਰੋਡ, ਰੇਲਵੇ ਚੌਕ ਰੈਸਟ ਹਾਊਸ ਰੋਡ, ਹਾਊਸਿੰਗ ਬੋਰਡ ਕਲੋਨੀ ਨੇੜਲੀ ਸੜਕ, ਸਿਵਲ ਹਸਪਤਾਲ ਕੰਪਲੈਕਸ, ਐੱਸਡੀਐੱਮ ਕੰਪਲੈਕਸ ਦੇ ਅੱਗੇ ਵਾਲੀ ਅੰਦਰੂਨੀ ਸੜਕ ’ਤੇ ਪਾਣੀ ਭਰ ਗਿਆ। ਸ਼ਹਿਰ ਦੀਆਂ ਕਈ ਕਲੋਨੀਆਂ ਦੀਆਂ ਗਲੀਆਂ ਜਲ-ਥਲ ਨਜ਼ਰ ਆਈਆਂ। ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਚੱਲ ਕੇ ਬਾਜ਼ਾਰ ਜਾਣ ਵਾਲਿਆਂ ਨੂੰ ਗੋਡੇ-ਗੋਡੇ ਪਾਣੀ ’ਚੋਂ ਗੁਜ਼ਰਨਾ ਪੈ ਰਿਹਾ ਸੀ। ਭਾਵੇਂ ਕਿ ਝੋਨੇ ਦੀ ਲੁਆਈ ਦਾ ਕੰਮ ਲਗਭਗ ਸਮਾਪਤ ਹੋ ਗਿਆ ਹੈ ਪਰ ਝੋਨੇ ਦੇ ਖੇਤਾਂ ਨੂੰ ਪਾਣੀ ਦੀ ਪੂਰਤੀ ਲਈ ਕਿਸਾਨ ਮੀਂਹ ਦੀ ਉਡੀਕ ਕਰ ਰਹੇ ਸਨ ਜੋ ਕਿ ਅੱਜ ਇਹ ਉਡੀਕ ਖਤਮ ਹੋ ਗਈ। ਕਈ ਘੰਟੇ ਪਏ ਮੀਂਹ ਨੇ ਕਿਸਾਨ ਬਾਗੋਬਾਗ ਕਰ ਦਿੱਤੇ ਹਨ।

Advertisement

Advertisement