ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਦੀ ਮਾਰ: ਘੱਗਰ ਦਾ ਪਾਣੀ ਕਈ ਪਿੰਡਾਂ ’ਚ ਦਾਖ਼ਲ

ਹਲਕਾ ਘਨੌਰ ਤੇ ਦੂਧਨਸਾਧਾਂ ਵਿੱਚ ਫ਼ਸਲਾਂ ਡੁੱਬੀਆਂ; ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉਪਰ ਵਗ ਰਿਹਾ ਹੈ ਘੱਗਰ
Advertisement

ਘਨੌਰ ਖੇਤਰ ਵਿੱਚ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਪਿੰਡਾਂ ਵਿੱਚ ਜਿੱਥੇ ਫ਼ਸਲਾਂ ਡੁੱਬ ਹੋ ਗਈਆਂ ਹਨ ਉੱਥੇ ਹੀ ਕਈ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਸਰਾਲਾ ਹੈੱਡ ’ਤੇ ਘੱਗਰ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਹੈ, ਜਿਸ ਕਰ ਕੇ ਲੋਕਾਂ ਵਿੱਚ ਸਹਿਮ ਹੈ। ਸਰਾਲਾ ਹੈੱਡ ’ਤੇ 16 ਫੁੱਟ ਗੇਜ਼ ਤੋਂ ਦੋ ਫੁੱਟ ਉਪਰ 18 ਫੁੱਟ ’ਤੇ 31000 ਕਿਊਸਿਕ ਪਾਣੀ ਚੱਲ ਰਿਹਾ ਹੈ। ਜੇਕਰ ਇਹ ਪਾਣੀ ਹੋਰ ਵੱਧ ਜਾਂਦਾ ਹੈ ਤਾਂ ਇਲਾਕੇ ਦੇ ਕਈ ਪਿੰਡ ਹੜ੍ਹ ਦੀ ਮਾਰ ਹੇਠ ਆ ਜਾਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੰਡ ਮੰਗੋਲੀ ਦੇ 70 ਫ਼ੀਸਦੀ ਘਰਾਂ ਵਿਚ ਪਾਣੀ ਦਾਖ਼ਲ ਗਿਆ ਹੈ ਅਤੇ ਇੱਥੇ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤੇ ਗਏ ਹਨ। ਇਸੇ ਤਰ੍ਹਾਂ ਪਿੰਡ ਕਾਮੀ ਖ਼ੁਰਦ ਵੀ ਪਾਣੀ ਦੀ ਮਾਰ ਹੇਠ ਆ ਗਿਆ ਹੈ ਤੇ ਇੱਥੇ ਕਈ ਘਰਾਂ ’ਚ ਪਾਣੀ ਦਾਖ਼ਲ ਹੋ ਗਿਆ। ਇਸੇ ਤਰ੍ਹਾਂ ਪਿੰਡ ਚਮਾਰੂ ਵਿੱਚ 30 ਫ਼ੀਸਦੀ ਘਰਾਂ ’ਚ ਪਾਣੀ ਦਾਖ਼ਲ ਹੋਣ ਕਾਰਨ ਸਾਮਾਨ ਨੁਕਸਾਨਿਆ ਗਿਆ। ਊਂਟਸਰ, ਸਮਸਪੁਰ, ਰਾਏਪੁਰ ਨਨਹੇੜੀ, ਮਾੜੂ ਇਲਾਕਿਆਂ ਵਿੱਚ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਘੱਗਰ ’ਤੇ ਬੰਧੇ ਵਿਚਕਾਰ 100 ਫ਼ੀਸਦੀ ਫ਼ਸਲ ਤਬਾਹ ਹੋ ਗਈ ਹੈ। ਦੂਜੇ ਪਾਸੇ ਘੱਗਰ ਵਿੱਚ ਪਾਣੀ ਜ਼ਿਆਦਾ ਆਉਣ ਕਾਰਨ ਨਰਵਾਣਾ ਬਰਾਂਚ (ਭਾਖੜਾ ਨਹਿਰ) ਨਹਿਰ ਵਿੱਚ ਸਾਈਫਨ ਦੇ ਕੋਲ ਪਾੜ ਪੈ ਗਿਆ ਹੈ ਤੇ ਘੱਗਰ ਦਾ ਪਾਣੀ ਨਹਿਰ ਵਿੱਚ ਜਾ ਰਿਹਾ ਹੈ। ਇਹ ਪਾੜ ਸਰਾਲਾ ਨੇੜੇ 400 ਫੁੱਟ ਚੌੜਾ ਦੱਸਿਆ ਜਾ ਰਿਹਾ ਹੈ। ਪਾੜ ਕਾਰਨ ਪਿੱਛੋਂ ਆ ਰਿਹਾ ਭਾਖੜਾ ਦਾ ਪਾਣੀ ਘੱਟ ਕਰ ਦਿੱਤਾ ਗਿਆ ਹੈ, ਹੁਣ ਘੱਗਰ ਦਾ ਪਾਣੀ ਹੀ ਭਾਖੜਾ ਨਰਵਾਣਾ ਬਰਾਂਚ ਵਿਚ ਚੱਲ ਰਿਹਾ ਹੈ। ਇੱਥੇ ਦੇ ਵਸਨੀਕ ਮੈਂਬਰ ਸ਼੍ਰੋਮਣੀ ਕਮੇਟੀ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਉਹ ਕਾਫ਼ੀ ਦੇਰ ਤੋਂ ਕਹਿ ਰਹੇ ਸਨ ਕਿ ਇੱਥੇ ਪੱਕੇ ਤੌਰ ’ਤੇ ਬੰਨ੍ਹ ਬਣਾਏ ਜਾਣ ਪਰ ਪਤਾ ਨਹੀਂ ਕੀ ਕਾਰਨ ਹਨ ਸਰਕਾਰੀ ਲੋਕ ਘੱਗਰ ਦੇ ਰੇਤੇ ਵਿਚ ਹੀ ਥੈਲੇ ਲਾਕੇ ਬੁੱਤਾ ਸਾਰ ਜਾਂਦੇ ਹਨ। ਜਿਸ ਕਰਕੇ ਇਹ ਟੁੱਟਿਆ ਹੈ। ਦੂਜੇ ਪਾਸੇ ਐੱਸਵਾਈਐੱਲ ਵਿਚ ਵੀ ਘੱਗਰ ਤੇ ਪੱਚੀਦਰਾ ਵਿਚਕਾਰ ਦੋ ਨੱਕੇ ਟੁੱਟੇ ਸਨ ਇਕ ਨੱਕਾ ਕਰੀਬ 20 ਫੁੱਟ ਤੋਂ ਵੱਧ ਹੈ ਤੇ ਦੂਜਾ ਨੱਕਾ 50 ਫੁੱਟ ਤੋਂ ਵੱਧ ਹੈ।

Advertisement

ਦੇਵੀਗੜ੍ਹ (ਸੁਰਿੰਦਰ ਸਿੰਘ ਚੌਹਾਨ): ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਬ-ਡਿਵੀਜ਼ਨ ਦੂਧਨਸਾਧਾਂ ਦੇ ਦੋ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਘੱਗਰ ਦਰਿਆ ਓਵਰਫਲੋਅ ਹੋਣ ਨਾਲ ਪਾਣੀ ਖੇਤਾਂ ਅੰਦਰ ਵੱਡੀ ਮਾਤਰਾ ਵਿੱਚ ਦਾਖ਼ਲ ਹੋ ਰਿਹਾ ਹੈ ਜਿਸ ਨਾਲ ਪ੍ਰਭਾਵਿਤ ਪਿੰਡਾਂ ਦੀਆਂ ਪੱਕਣ ਕਿਨਾਰੇ ਖੜ੍ਹੀਆਂ ਬਾਸਮਤੀ ਫਸਲਾਂ ਵੀ ਪਾਣੀ ਦੀ ਲਪੇਟ ਵਿੱਚ ਆ ਰਹੀਆਂ ਹਨ। ਪਾਣੀ ਹੁਣ ਪਿੰਡਾਂ ਦੀਆਂ ਸੜਕਾਂ ਉੱਤੋਂ ਚੱਲਣ ਲੱਗਿਆ ਹੈ। ਕਿਸਾਨ ਆਗੂ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਘੱਗਰ ਕੰਢੇ ਵਸੇ ਪਿੰਡਾਂ ਦੇ ਲੋਕ ਪਾਣੀ ਹੋਰ ਵੱਧਣ ਦੇ ਡਰ ਕਾਰਨ ਦਿਨ ਰਾਤ ਪਹਿਰਾ ਦੇ ਰਹੇ ਹਨ। ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਪਿੰਡਾਂ ਤੋਂ ਇਲਾਵਾ ਨਾਲ ਲੱਗਦੇ ਹਰਿਆਣਾ ਦੇ ਸਰਹੱਦੀ ਪਿੰਡਾਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ ਹੈ। ਇਸੇ ਤਰ੍ਹਾਂ ਟਾਂਗਰੀ ਨਦੀ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀ ਹੈ। ਮਾਰਕੰਡਾ, ਘੱਗਰ ਦਰਿਆ, ਟਾਂਗਰੀ ਨਦੀ ਵਿਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੇ ਪਾਣੀ ਕਾਰਨ ਖ਼ਤਰਾ ਅਜੇ ਬਰਕਰਾਰ ਹੈ।

ਗਾਂਧੀ ਵੱਲੋਂ ਹੜ੍ਹ ਕਾਰਨ ਨੁਕਸਾਨੇ ਪੁਲ ਦਾ ਜਾਇਜ਼ਾ

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਇੰਚਾਰਜ ਹਲਕਾ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਆਪਣੀ ਟੀਮ ਸਮੇਤ ਹਲਕਾ ਸਨੌਰ ਦੇ ਹੜ੍ਹਾਂ ਦੀ ਮਾਰ ਹੇਠਲੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪਿੰਡ ਮਾੜੂ, ਅਰਨੌਲੀ, ਪੁਰ ਮੰਡੀ ਵਿੱਚ ਟੁੱਟ ਰਹੇ ਬੰਨ੍ਹਾਂ ਦਾ ਮੌਕਾ ਦੇਖਿਆ ਅਤੇ ਖਾਸ ਤੌਰ ’ਤੇ ਪਿੰਡ ਸਿਰਕੱਪੜਾ ਵਿੱਚ ਘੱਗਰ ਦਰਿਆ ’ਤੇ ਬਣੇ ਪੁਲ ਦਾ ਨਿਰੀਖਣ ਕੀਤਾ ਜੋ ਕਿ ਟੁੱਟਣਾ ਸ਼ੁਰੂ ਹੋ ਗਿਆ ਹੈ। ਇਸ ਦੀ ਅਪਰੋਚ ਰੋਡ ਟੁੱਟ ਚੁੱਕੀ ਹੈ ਗੱਡੀਆਂ ਦੀ ਆਵਾਜਾਈ ਬੰਦ ਹੋ ਚੁੱਕੀ ਹੈ ਜਿਸ ਕਾਰਨ ਪਿੰਡ ਸਿਰਕੱਪੜਾ ਸਮੇਤ ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਡਾ. ਧਰਮਵੀਰ ਗਾਂਧੀ ਨੇ ਆਪਣੇ ਐੱਮਪੀ ਫੰਡ ਵਿਚੋਂ ਪਿੰਡ ਸਿਰਕੱਪੜਾ ਲਈ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਮਾੜੂ, ਅਰਨੌਲੀ, ਹਡਾਣਾ, ਪੁਰ ਮੰਡੀ ਵਿੱਚ ਟੁੱਟ ਰਹੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਅਤੇ ਮੀਰਾਂਪੁਰ ਚੋਅ ਦੀ ਸਫਾਈ ਦੇ ਮੁੱਦੇ ਸਰਕਾਰ ਚੁੱਕਣ ਦਾ ਭਰੋਸਾ ਦਿੱਤਾ। ਦੂਜੇ ਪਾਸੇ ਪਿੰਡ ਭੰਬੂਆਂ ਦੇ ਨੇੜੇ ਘੱਗਰ ਵਿੱਚ ਪਾੜ ਦਾ ਖ਼ਤਰਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘੱਗਰ ਕਿਸੇ ਸਮੇਂ ਵੀ ਇੱਥੇ ਪਾੜ ਪਾ ਸਕਦਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਜਾਇਜ਼ਾ

ਘੱਗਾ (ਰਵੇਲ ਸਿੰਘ ਭਿੰਡਰ): ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਘੱਗਰ ਨਦੀ ਦੇ ਨਾਲ ਲੱਗਦੇ ਸ਼ੁਤਰਾਣਾ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਪਾਣੀ ਦੇ ਵਹਾਅ ਅਤੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਥਾਨਕ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਜ਼ਮੀਨੀ ਪੱਧਰ ’ਤੇ ਪ੍ਰਤੀਕਿਰਿਆ ਹਾਸਲ ਕੀਤੀ। ਡਾ. ਪ੍ਰੀਤੀ ਯਾਦਵ ਦੇ ਨਾਲ ਭਾਰਤੀ ਫੌਜ ਦੀ 1 ਆਰਮਰਡ ਡਿਵੀਜ਼ਨ ਦੇ ਕਰਨਲ ਵਿਨੋਦ ਸਿੰਘ ਰਾਵਤ, ਏਡੀਸੀ (ਦਿਹਾਤੀ ਵਿਕਾਸ) ਅਮਰਿੰਦਰ ਸਿੰਘ ਟਿਵਾਣਾ, ਐੱਸਡੀਐੱਮ ਅਸ਼ੋਕ ਕੁਮਾਰ, ਐੱਸਈ ਡਰੇਨੇਜ ਰਾਜਿੰਦਰ ਘਈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸਨ। ਉਨ੍ਹਾਂ ਨੇ ਘੱਗਰ ਦੇ ਬੰਨ੍ਹਾਂ ਦਾ ਨਿਰੀਖਣ ਕੀਤਾ ਅਤੇ ਕਮਜ਼ੋਰ ਥਾਵਾਂ ’ਤੇ ਮਜ਼ਬੂਤੀ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਘੱਗਰ ਤੇ ਹੋਰ ਨਦੀਆਂ ਵਿੱਚ ਕੋਈ ਪਾੜ ਨਹੀਂ ਪਿਆ ਹੈ ਅਤੇ ਜੇਕਰ ਪਾਣੀ ਦਾ ਵਹਾਅ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਇਹ ਹੌਲੀ-ਹੌਲੀ ਘੱਟ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਫੌਜ ਦੀ 1 ਆਰਮਰਡ ਡਿਵੀਜ਼ਨ ਤੋਂ ਰਾਹਤ ਕਾਲਮਾਂ ਦੇ ਨਾਲ-ਨਾਲ ਐਨ ਡੀ ਆਰ ਐਫ ਦੀਆਂ ਤਿੰਨ ਟੀਮਾਂ ਨੂੰ ਘੱਗਰ, ਟਾਂਗਰੀ ਨਦੀ ਦੇ ਨਾਲ-ਨਾਲ ਘਨੌਰ, ਦੁੱਧਨਸਾਧਨ, ਸਮਾਣਾ ਅਤੇ ਸ਼ੁਤਰਾਣਾ ਖੇਤਰਾਂ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ।

ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਘੱਗਰ ਦਰਿਆ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਪਿੰਡ ਬਨਾਰਸੀ, ਬਾਓਪਰ, ਨਵਾਗਾਓਂ, ਜਸਵੰਤਪੁਰਾ ਉਰਫ ਹੋਤੀਪੁਰ, ਅੰਨਦਾਨਾ, ਸ਼ਾਹਪੁਰਥੇੜੀ, ਚਾਦੂੰ, ਮੰਡਵੀ, ਬੰਗਾਂ, ਖਨੌਰੀ ਕਲਾਂ, ਹਮੀਰਗੜ੍ਹ, ਸੁਰਜਨਭੈਣੀ, ਭੂੰਦੜਭੈਣੀ, ਸਲੇਮਗੜ੍ਹ, ਮਕਰੌੜ ਸਾਹਿਬ, ਫੂਲਦ, ਗਨੌਟਾ, ਘਮੂਰਘਾਟ, ਰਾਮਪੁਰਾ ਗੁਜਰਾਂ, ਹਾਂਡਾ, ਕੁਦਨੀ, ਵਜੀਦਪੁਰ, ਕਬੀਰਪੁਰ, ਕੜੈਲ, ਬੁਸਹਿਰਾ, ਮੂਨਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਉਹ, ਖ਼ਾਸ ਤੌਰ ਉੱਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਲੈ ਕੇ ਉੱਚੀਆਂ ਥਾਂਵਾਂ ’ਤੇ ਚਲੇ ਜਾਣ ਅਤੇ ਆਪਣੇ ਪਸ਼ੂਆਂ ਨੂੰ ਵੀ ਦਰਿਆ ਤੋਂ ਦੂਰ ਉੱਚੀਆਂ ਥਾਂਵਾਂ ’ਤੇ ਲਿਜਾਣ। ਕਿਸੇ ਵੀ ਹੰਗਾਮੀ ਸਥਿਤੀ ਵਿੱਚ ਡਰੇਨੇਜ ਵਿਭਾਗ ਨਾਲ 87250-29785 ’ਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ 01672-234196 ’ਤੇ ਜਾਂ ਮੂਨਕ ਕੰਟਰੋਲ ਰੂਮ ਨਾਲ 97802-95132 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisement
Show comments