ਧੂਰੀ ਇਲਾਕੇ ਵਿੱਚ ਲੁਟੇਰਾ ਗਰੋਹ ਦੇ ਪੰਜ ਮੈਂਬਰ ਕਾਬੂ
ਸੰਗਰੂਰ ਜ਼ਿਲ੍ਹਾ ਪੁਲੀਸ ਵੱਲੋਂ ਧੂਰੀ ਏਰੀਏ ਵਿੱਚ ਲੁੱੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ, ਲੋਹੇ ਦੀ ਰਾਡ, ਛੋਟੀ ਕਿਰਪਾਨ, 2 ਦਾਹ ਲੋਹਾ, 1 ਖੰਡਾ ਲੋਹਾ ਅਤੇ ਇੱਕ ਪੇਚਕਸ, ਇੱਕ ਸਾਊਂਡ ਬਾਰ ਟੈਸਕੋ ਕੰਪਨੀ, ਇੱਕ ਵੱਡੀ ਹੈਡ ਫੋਨ ਪੀ-9, ਇੱਕ ਹੈੱਡ ਫੋਨ ਸਮਾਰਟ ਟੱਚ ਕੰਟਰੋਲ, ਦੋ ਵੱਡੀਆਂ ਘੜੀਆਂ 9 ਅਲਟਰਾ, ਲੈਪਟਾਪ, ਇੱਕ ਮੋਬਾਈਲ ਛੋਟਾ, ਆਈ ਫੋਨ ਫਾਰ, ਤਿੰਨ ਪੁਰਾਣੇ ਮੋਬਾਈਲ, ਇੱਕ ਪੁਰਾਣਾ ਸੈਮਸੰਗ ਮੋਬਾਈਲ, ਇੱਕ ਵੀਵੋ ਮਾਰਕਾ ਮੋਬਾਈਲ, ਇੱਕ ਐਪਲ ਆਈ ਫੋਨ ਸਣੇ ਹੋਰ ਕਾਫ਼ੀ ਸਾਮਾਨ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਧੂਰੀ ਏਰੀਆ ’ਚੋ ਹੀ ਚੋਰੀ ਕਰਨ ਵਾਲੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦੇ 10 ਮੋਟਰਸਾਈਕਲ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ।
ਜ਼ਿਲ੍ਹਾ ਪੁਲੀਸ ਦਫ਼ਤਰ ’ਚ ਪ੍ਰੈਸ ਕਾਨਫਰੰਸ ਦੌਰਾਨ ਐੱਸ ਪੀ ਦਵਿੰਦਰ ਅੱਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਮਨਬੀਰ ਸਿੰਘ ਡੀ ਐੱਸ ਪੀ ਧੂਰੀ ਦੀ ਅਗਵਾਈ ਹੇਠ ਜਸਵੀਰ ਸਿੰਘ ਐੱਸ ਐੱਚ ਓ ਸਿਟੀ ਧੂਰੀ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਪਾਸ ਮੁਖਬਰੀ ਖਾਸ ਨੇ ਇਤਲਾਹ ਦਿੱਤੀ ਕਿ ਤੇਗਵੀਰ ਸਿੰਘ ਉਰਫ਼ ਰਵੀ ਉਰਫ ਮੋਦੀ, ਕੁਲਜੀਤ ਸਿੰਘ, ਕੁਲਦੀਪ ਸਿੰਘ ਉਰਫ਼ ਤੋਤਾ, ਸਲਮਾਨ ਖਾਨ ਅਤੇ ਬਾਦਲ ਵਾਸੀਆਨ ਧੂਰੀ ਲੋਹੇ ਦੀਆਂ ਰਾਡਾਂ ਤੇ ਕਿਰਪਾਨਾਂ ਨਾਲ ਲੈਸ ਹੋ ਕੇ ਭਾਨਾ ਰਾਮ ਦੇ ਬੰਦ ਪਏ ਭੱਠੇ ਕੋਲ ਨੇੜੇ ਬਾਜ਼ੀਗਰ ਬਸਤੀ ਧੂਰੀ ਵਿੱਚ ਬੈਂਕ, ਏਟੀਐੱਮ ਮਸ਼ੀਨਾਂ, ਪੈਟਰੋਲ ਪੰਪ, ਦੁਕਾਨਾਂ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਪੁਲੀਸ ਪਾਰਟੀ ਵੱਲੋਂ ਕੇਸ ਦਰਜ ਕਰ ਕੇ ਛਾਪਾ ਮਾਰ ਕੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸ ਪੀ ਨੇ ਦੱਸਿਆ ਕਿ ਡੂੰਘਾਈ ਨਾਲ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਧੂਰੀ, ਸੰਗਰੂਰ, ਦਿੜ੍ਹਬਾ, ਮਾਲੇਰਕੋਟਲਾ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਨ੍ਹਾਂ ਥੋੜ੍ਹੇ ਦਿਨ ਪਹਿਲਾਂ ਕੌਲਾ ਪਾਰਕ ਸੰਗਰੂਰ ’ਚ ਮੋਬਾਈਲਾਂ ਦੀ ਦੁਕਾਨ ’ਚ ਵੀ ਚੋਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੈਂਬਰਾਂ ਕੋਲੋਂ ਵੱਡੀ ਗਿਣਤੀ ’ਚ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ।
ਚੋਰ ਗਰੋਹ ਦੇ ਦੋ ਮੈਂਬਰ ਕਾਬੂ
ਧੂਰੀ ਏਰੀਆ ’ਚੋਂ ਹੀ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦੇ 10 ਮੋਟਰਸਾਈਕਲ ਅਤੇ ਇੱਕ ਜੈੱਨ ਕਾਰ ਬਰਾਮਦ ਕੀਤੀ ਗਈ ਹੈ। ਐੱਸ ਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰਦੀਪ ਸਿੰਘ ਥਾਣਾ ਸਿਟੀ ਧੂਰੀ ਨੇ ਸਮੇਤ ਪੁਲੀਸ ਪਾਰਟੀ ਦੇ ਮੁਖਬਰੀ ਮਿਲਣ ’ਤੇ ਅੰਮ੍ਰਿਤਪਾਲ ਸਿੰਘ ਵਾਸੀ ਹਰਚੰਦਪੁਰ ਹਾਲ ਪਿੰਡ ਧੂਰੀ ਅਤੇ ਬਿਕਰਮਜੀਤ ਸਿੰਘ ਵਾਸੀ ਭਾਰਤ ਨਗਰ ਧੂਰੀ ਨੂੰ ਅਨਾਜ ਮੰਡੀ ਧੂਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਚਾਰ ਮੋਟਰਸਾਈਕਲ ਲੁਧਿਆਣਾ ਅਤੇ ਛੇ ਮੋਟਰਸਾਈਕਲ ਪਟਿਆਲਾ ਤੋਂ ਚੋਰੀ ਕੀਤੇ ਸਨ ਅਤੇ ਇੱਕ ਕਾਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਾਰਕਿੰਗ ’ਚੋਂ ਚੋਰੀ ਕੀਤੀ ਸੀ। ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।