ਹਾਜੀਆਂ ਦਾ ਪਹਿਲਾ ਜਥਾ ਪਰਤਿਆ
ਪੱਤਰ ਪ੍ਰੇਰਕ
ਮਾਲੇਰਕੋਟਲਾ, 4 ਜੁਲਾਈ
ਪਵਿੱਤਰ ਹੱਜ ਯਾਤਰਾ ’ਤੇ ਸਾਊਦੀ ਅਰਬ ਗਏ ਪੰਜਾਬ ਦੇ 310 ਹੱਜ ਯਾਤਰੀਆਂ ਵਿੱਚੋਂ 272 ਹਾਜੀਆਂ ਦਾ ਪਹਿਲਾ ਜਥਾ ਅੱਜ ਪਰਤ ਆਇਆ ਹੈ। ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਟੇਟ ਹੱਜ ਕਮੇਟੀ ਦੀ ਅਗਵਾਈ ਵਿੱਚ ਪੰਜਾਬ ਤੋਂ ਮੁਸਲਿਮ ਧਰਮ ਦੀ ਪਵਿੱਤਰ ਹੱਜ ਯਾਤਰਾ ’ਤੇ ਗਏ ਹਾਜੀਆਂ ਦਾ ਅੱਜ ਦਿੱਲੀ ਏਅਰਪੋਰਟ ’ਤੇ ਵੱਡੀ ਗਿਣਤੀ ਪੁੱਜਿਆ। ਹਾਜੀਆਂ ਨੂੰ ਲੈਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪੰਜਾਬ ਭਰ ਤੋਂ ਵੱਖ ਵੱਖ ਤਨਜ਼ੀਮਾਂ ਦੇ ਆਗੂਆਂ ਵੱਲੋਂ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ।
ਸਾਊਦੀ ਅਰਬ ਦੇ ਮਦੀਨਾ ਏਅਰਪੋਰਟ ਤੋਂ ਪੰਜਾਬ ਦੇ ਹਾਜੀਆਂ ਦੀ ਪਹਿਲੀ ਉਡਾਣ ਸ਼ੁੱਕਰਵਾਰ ਰਾਤ ਦੋ ਵਜੇ ਰਵਾਨਾ ਹੋਈ ਸੀ ਅਤੇ ਆਪਣੇ ਨਿਰਧਾਰਿਤ ਸਮੇਂ ਸ਼ੁੱਕਰਵਾਰ ਸਵੇਰ ਦਿੱਲੀ ਹਵਾਈ ਅੱਡੇ ’ਤੇ ਪਹੁੰਚੀ। ਪਵਿੱਤਰ ਹੱਜ ਯਾਤਰਾ ਕਰਕੇ ਪਰਤੇ ਮਾਲੇਰਕੋਟਲਾ ਦੇ ਹਾਜੀ ਮੁਹੰਮਦ ਯੂਨਸ ਬਖਸ਼ੀ, ਮਨਜ਼ੂਰ ਅਹਿਮਦ ਚੌਹਾਨ, ਮੁਹੰਮਦ ਅਲੀ ਅਤੇ ਪ੍ਰੋ. ਮਨਜ਼ੂਰ ਹਸਨ ਨੇ ਸਾਊਦੀ ਸਰਕਾਰ ਵੱਲੋਂ ਹਾਜੀਆਂ ਲਈ ਕੀਤੇ ਚੰਗੇ ਪ੍ਰਬੰਧਾਂ ਲਈ ਧੰਨਵਾਦ ਕੀਤਾ। ਪੰਜਾਬ ਸਟੇਟ ਹੱਜ ਕਮੇਟੀ ਵੱਲੋਂ ਹਾਜੀਆਂ ਸਹਾਇਤਾ ਲਈ ਸਾਊਦੀ ਅਰਬ ਭੇਜੇ ਗਏ ਮਾਸਟਰ ਮੁਹੰਮਦ ਸ਼ਫੀਕ, ਡਾ. ਮੁਹੰਮਦ ਮਸ਼ਰੂਫ ਤੇ ਸਮਾਜ ਸੇਵੀ ਮਾਸਟਰ ਅਬਦੁਲ ਅਜ਼ੀਜ਼ ਨੇ ਦੱਸਿਆ ਕਿ ਰਹਿੰਦੇ 35 ਹੱਜ ਯਾਤਰੀਆਂ ਦੀ ਦੂਜੀ ਫਲਾਈਟ 9 ਜੁਲਾਈ ਨੂੰ ਦਿੱਲੀ ਆਵੇਗੀ।