ਫਰਵਾਹੀ ਦੀ ਪੰਚਾਇਤ ਵੱਲੋਂ ਥਾਣਾ ਸੰਦੌੜ ਅੱਗੇ ਧਰਨਾ
ਥਾਣਾ ਸੰਦੌੜ ਦੇ ਮੁੱਖ ਅਫ਼ਸਰ ਇੰਸਪੈਕਟਰ ਗਗਨਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਧਰਨਾ ਲਗਾ ਰਹੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਪਿੰਡ ਦੇ ਲੋਕ ਮੁਲਜ਼ਮ ਖ਼ਿਲਾਫ਼ ਸਖਤ ਕਾਰਵਾਈ ਕਰਵਾਉਣ ’ਤੇ ਅੜੇ ਰਹੇ। ਸਰਪੰਚ ਗੁਰਮੁੱਖ ਸਿੰਘ ਨੇ ਦੱਸਿਆ ਕਿ ਪਿੰਡ ਮਾਣਕੀ ਤੋਂ ਜਗਤਾਰ ਸਿੰਘ ਅਤੇ ਸੇਵਕ ਸਿੰਘ ਆਪਣੀ ਭੈਣ ਬਲਜੀਤ ਕੌਰ ਨੂੰ ਪਿੰਡ ਫਰਵਾਲੀ ਮਿਲਣ ਆ ਰਹੇ ਸਨ ਤਾਂ ਸੰਦੌੜ ਨੂੰ ਆਉਂਦੀ ਸੜਕ ’ਤੇ ਕਮਲਪ੍ਰੀਤ ਸਿੰਘ ਮੋਟਰਸਾਈਕਲ ਉੱਤੇ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਆਪਸ ’ਚ ਤਕਰਾਰਬਾਜ਼ੀ ਹੋ ਗਈ। ਸਰਪੰਚ ਨੇ ਕਿਹਾ ਕਿ ਪਤਾ ਲੱਗਣ ’ਤੇ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਕਮਲਪ੍ਰੀਤ ਸਿੰਘ ਉਨ੍ਹਾਂ ਨਾਲ ਵੀ ਉਲਝ ਗਿਆ ਅਤੇ ਉਸ ’ਤੇ ਵੀ ਹਮਲਾ ਕਰ ਦਿੱਤਾ।
ਸਰਪੰਚ ਗੁਰਮੁੱਖ ਸਿੰਘ ਨੇ ਕਿਹਾ ਕਿ ਕਮਲਪ੍ਰੀਤ ਸਿੰਘ ਦੇ ਵਿਵਹਾਰ ਖ਼ਿਲਾਫ਼ ਪਹਿਲਾਂ ਵੀ ਉਹ ਪੁਲੀਸ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਸਨ ਪਰ ਪੁਲੀਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਣ ਅੱਜ ਇਹ ਮਾਮਲਾ ਗੰਭੀਰ ਹੋ ਗਿਆ। ਧਰਨਾ ਲਗਾ ਰਹੇ ਪਿੰਡ ਫਰਵਾਲੀ ਦੇ ਲੋਕਾਂ ਨੇ ਕਿਹਾ ਕਿ ਜੇਕਰ ਪੁਲੀਸ ਨੇ ਸਮਾਂ ਰਹਿੰਦੇ ਉਸ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਹੁੰਦੀ ਤਾਂ ਇਹ ਮਸਲਾ ਗੰਭੀਰ ਨਾ ਹੁੰਦਾ। ਇਸ ਧਰਨੇ ਮੌਕੇ ਸ੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ, ਕਿਸਾਨ ਆਗੂ ਮਨਜੀਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਫੌਜੇਵਾਲ, ਰਣਜੀਤ ਸਿੰਘ ਮੁਨੀਮ, ਸੈਕਟਰੀ ਜਗਤਾਰ ਸਿੰਘ, ਸੇਰ ਸਿੰਘ ਮਹੋਲੀ ਕਿਸਾਨ ਆਗੂ, ਬਿੱਕਰ ਸਿੰਘ, ਇਕਬਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਥਾਣਾ ਮੁਖੀ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਥਾਣਾ ਸੰਦੌੜ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਧਰਨਾ ਲਗਾ ਰਹੇ ਲੋਕਾਂ ਨੂੰ ਮੁਲਜ਼ਮ ਖ਼ਿਲਾਫ਼ ਸਖਤ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਮਗਰੋਂ ਲੋਕਾਂ ਨੇ ਧਰਨਾ ਚੁੱਕ ਦਿੱਤਾ। ਥਾਣਾ ਸੰਦੌੜ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਸਰਪੰਚ ਗੁਰਮੁੱਖ ਸਿੰਘ ਗਰੇਵਾਲ ਦੇ ਬਿਆਨਾਂ ਤੋਂ ਬਾਅਦ ਤਫਦੀਸ਼ ਕਰਕੇ ਮੁਲਜ਼ਮ ਖ਼ਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।