ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਨੂੰ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਡਟਣ ਦਾ ਸੱਦਾ

ਬੀਕੇਯੂ ਉਗਰਾਹਾਂ ਵੱਲੋਂ ਸੋਹੀਆਂ ਤੋਂ ਟਰੈਕਟਰ ਮਾਰਚ ਦਾ ਐਲਾਨ; ਪਿੰਡ ਦੀ 586 ਏਕੜ ਜ਼ਮੀਨ ਨੀਤੀ ’ਚ ਆਈ
ਪਿੰਡ ਸੋਹੀਆਂ ’ਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ।
Advertisement

ਸੰਗਰੂਰ ਦੀ ਬੁੱਕਲ ਵਿੱਚ ਵਸੇ ਪਿੰਡ ਸੋਹੀਆਂ ਦੀ 586 ਏਕੜ ਜ਼ਮੀਨ ਲੈਂਡ ਪੂਲੰਗ ਨੀਤੀ ਤਹਿਤ ਲੈਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪਿੰਡ ਸੋਹੀਆਂ ਵਿਚ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੀਟਿੰਗ ਕਰ ਕੇ 30 ਜੁਲਾਈ ਨੂੰ ਪਿੰਡ ਸੋਹੀਆਂ ਤੋਂ ਹੀ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ। ਪਿੰੰਡ ਸੋਹੀਆਂ ਵਿਚ ਯੂਨੀਅਨ ਦੀ ਅੱਜ ਹੋਈ ਮੀਟਿੰਗ ਵਿਚ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਨ੍ਹਾਂ ਨੇ ਕਿਸਾਨਾਂ ਨੂੰ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਲਾਝਾੜ ਅਤੇ ਗੰਢੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆ ਕੇ ਪੰਜਾਬ ਦੀ ਕਿਸਾਨੀ ਉਪਰ ਵੱਡਾ ਹਮਲਾ ਕੀਤਾ ਸੀ ਉਸੇ ਤਰਜ਼ ’ਤੇ ਭਗਵੰਤ ਮਾਨ ਸਰਕਾਰ ਵਲੋਂ ਲੈਂਡ ਪੂਲਿੰਗ ਨੀਤੀ ਲਿਆ ਕੇ ਪੰਜਾਬ ਦੀ ਲੱਖਾਂ ਏਕੜ ਜ਼ਮੀਨ ਨੂੰ ਕਿਸਾਨਾਂ ਤੋਂ ਲੈ ਕੇ ਪੰਜਾਬ ਦੇ ਪਿੰਡਾਂ ਅਤੇ ਕਿਸਾਨਾਂ ਨੂੰ ਉਜਾੜਣ ਦਾ ਫੈਸਲਾ ਲਿਆ ਹੈ ਜਿਸ ਨੂੰ ਪੰਜਾਬ ਦੇ ਕਿਸਾਨ-ਮਜ਼ਦੂਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਡੀ ਪੱਧਰ ’ਤੇ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਪਿੰਡਾਂ ਦੇ ਲੋਕਾਂ ਵਲੋਂ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਮਤੇ ਪਾਸ ਕੀਤੇ ਜਾ ਰਹੇ ਹਨ ਜਿਨ੍ਹਾਂ ਵਲੋਂ ਫੈਸਲਾ ਕੀਤਾ ਜਾ ਰਿਹਾ ਹੈ ਕਿ ਉਹ ਆਪਣੀ ਜ਼ਮੀਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਜ਼ਮੀਨ ਕਿਸਾਨਾਂ ਦੀ ਰੋਜ਼ੀ ਰੋਟੀ ਹੈ।

ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 30 ਜੁਲਾਈ ਨੂੰ ਵਿਸ਼ਾਲ ਟਰੈਕਟਰ ਮਾਰਚ ਇਸੇ ਪਿੰਡ ਸੋਹੀਆਂ ਤੋਂ ਸ਼ੁਰੂ ਹੋਵੇਗਾ ਜੋ ਕਿ ਵੱਖ-ਵੱਖ ਪਿੰਡਾਂ ’ਚੋ ਹੁੰਦਾ ਹੋਇਆ ਸੰਗਰੂਰ ਸ਼ਹਿਰ ਵਿਚ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਛੇ ਬਲਾਕਾਂ ਦੇ ਕਿਸਾਨ ਲੁਧਿਆਣਾ ਵਿਖੇ ਹੋਣ ਵਾਲੇ ਮਾਰਚ ਵਿਚ ਸ਼ਮੂਲੀਅਤ ਕਰਨਗੇ। ਯੂਨੀਅਨ ਦੇ ਸੰਗਰੂਰ ਬਲਾਕ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ , ਖਜ਼ਾਨਚੀ ਕਰਮਜੀਤ ਸਿੰਘ ਮੰਗਵਾਲ, ਚਮਕੌਰ ਸਿੰਘ ਲੱਡੀ ਪ੍ਰੈਸ ਸਕੱਤਰ, ਕਰਮਜੀਤ ਮੰਡੇਰ, ਪ੍ਰਿਤਪਾਲ ਸਿੰਘ ਚੱਠੇ ਅਤੇ ਸੁਖਦੇਵ ਸਿੰਘ ਛੰਨਾ ਵੱਲੋਂ ਕਰਵਾਈ ਚੋਣ ਮੀਟਿੰਗ ਵਿਚ ਯੂਨੀਅਨ ਦੀ ਪਿੰਡ ਸੋਹੀਆਂ ਕਲਾਂ ਇਕਾਈ ਲਈ ਕੁਲਦੀਪ ਸਿੰਘ ਪ੍ਰਧਾਨ, ਬਲਦੇਵ ਸਿੰਘ ਖਜ਼ਾਨਚੀ ਅਤੇ ਹਰਬੰਸ ਸਿੰਘ ਨੂੰ ਪ੍ਰੈੱਸ ਸਕੱਤਰ ਚੁਣ ਲਿਆ ਗਿਆ।

Advertisement

Advertisement