ਕਿਸਾਨਾਂ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ
ਬੀਕੇਯੂ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ/ਖ਼ਰੀਦ ਕੇਂਦਰਾਂ ਵਿੱਚ ਸ਼ੁੱਧ ਪੀਣ ਦਾ ਪਾਣੀ, ਪਖਾਨੇ, ਲਾਇਟਾਂ, ਸਫ਼ਾਈ ਦਾ ਪ੍ਰਬੰਧ ਕਰਨ ਲਈ ਕਰੋੜਾਂ ਰੁਪਏ ਦੇ ਟੈਂਡਰ ਹੋਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਸਿਰਫ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਵਿੱਚ ਪਾਣੀ ਪਿਆਉਣ, ਚੌਕੀਦਾਰ ਅਤੇ ਸਵੀਪਰ ਰੱਖਣ ਦੇ ਮਾਮਲੇ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪਿਛਲੇ ਸੀਜ਼ਨ ਦੌਰਾਨ ਵੇਖਿਆ ਗਿਆ ਕਿ ਮਾਰਕੀਟ ਕਮੇਟੀਆਂ ਵਲੋਂ ਰੱਖੇ ਵਿਅਕਤੀਆਂ ਨੂੰ ਨਿਯਮਾਂ ਅਨੁਸਾਰ ਬਣਦਾ ਮਿਹਨਤਾਨਾ ਨਹੀਂ ਦਿੱਤਾ ਗਿਆ। ਨਾ ਬੈਂਕ ਖਾਤਿਆਂ ਵਿਚ ਪਾਇਆ ਗਿਆ ਅਤੇ ਨਾ ਹੀ ਬਣਦਾ ਈਪੀਐੱਫ ਜਮ੍ਹਾਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ’ਤੇ ਲੇਬਰ ਵਿਚ ਕੰਮ ਕਰਦੀਆਂ ਔਰਤਾਂ ਲਈ ਵੱਖਰੇ ਪਖਾਨਿਆਂ ਦਾ ਕੋਈ ਪ੍ਰਬੰਧ ਨਹੀਂ ਹੈ, ਰਾਤ ਨੂੰ ਬਿਜਲੀ ਵਿਚ ਨੁਕਸ ਪੈਣ ਕਾਰਨ ਜਰਨੇਟਰ ਦੇ ਪ੍ਰਬੰਧ ਨਹੀਂ ਹਨ ਜਦੋਂ ਕਿ ਕਾਗਜ਼ਾਂ ਵਿਚ ਸਭ ਕੁੱਝ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੀਆਂ ਸਹੂਲਤਾਂ ਲਈ ਸਰਕਾਰ ਵੱਲੋਂ ਠੇਕਾ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਜਨਤਕ ਕਰਨ ਲਈ ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਅਤੇ ਖਰੀਦ ਕੇਂਦਰਾਂ ਚ ਬੋਰਡ ਲਗਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ ਚ ਪ੍ਰਬੰਧ ਕਰਨ ਦੇ ਹੋਏ ਠੇਕੇ ਅਨੁਸਾਰ ਇੰਤਜ਼ਾਮ ਨਾ ਕੀਤੇ ਤਾਂ ਸੰਘਰਸ਼ ਕਰਨ ਤੋਂ ਗੁਰੇਜ਼ ਕੀਤਾ ਜਾਵੇਗਾ।