ਐੱਨ ਜੀ ਟੀ ਚੇਅਰਮੈਨ ਨੂੰ ਮਿਲਣ ਜਾਂਦੇ ਕਿਸਾਨਾਂ ਨੂੰ ਰੋਕਿਆ
ਕਿਸਾਨ ਆਗੂਆਂ ਨੇ ਐੱਨ ਜੀ ਟੀ ਚੇਅਰਮੈਨ ਰਾਕੇਸ਼ ਕੁਮਾਰ ਨਾਲ ਪਿੰਡ ਖੰਡੇਬਾਦ ਨੇੜੇ ਪਲਾਂਟ ਵਿੱਚ ਪਰਾਲੀ ਪ੍ਰਬੰਧਨ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਦਰਜ ਪਰਚੇ ਅਤੇ ਜੁਰਮਾਨੇ ਰੱਦ ਕਰਨ ਬਾਰੇ ਚਰਚਾ ਕਰਨੀ ਸੀ। ਜਥੇਬੰਦੀ ਦੇ ਸੂਬਾ ਆਗੂ ਧਰਮਿੰਦਰ ਸਿੰਘ ਪਸ਼ੌਰ ਨੇ ਦੱਸਿਆ ਕਿ ਪੁਲੀਸ ਨੇ ਆਗੂਆਂ ਨੂੰ ਭਾਰੀ ਫੋਰਸ ਲਾ ਕੇ ਵੱਖ-ਵੱਖ ਥਾਈਂ ਰੋਕ ਕੇ ਚੇਅਰਮੈਨ ਨੂੰ ਮਿਲਣ ਨਹੀਂ ਦਿੱਤਾ। ਇਸ ਦੇ ਰੋਸ ਵਜੋਂ ਕਿਸਾਨਾਂ ਨੇ ਪਿੰਡ ਰਾਮਗੜ੍ਹ ਸੰਧੂਆਂ ਦੀ ਅਨਾਜ ਮੰਡੀ ਵਿੱਚ ਵੱਡਾ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਪਰਾਲੀ ਦੇ ਪ੍ਰਦੂਸ਼ਣ ਬਾਰੇ ਗੱਲ ਕਰਦੀ ਹੈ ਪਰ ਉਦਯੋਗ ਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਅਣਦੇਖਿਆ ਕਰਦੀ ਹੈ। ਐੱਨ ਜੀ ਟੀ ਨੇ ਹੈਪੀ ਸੀਡਰ ਤੇ ਬੇਲਰ ’ਤੇ 100 ਫ਼ੀਸਦੀ ਸਬਸਿਡੀ ਤੇ ਕਰਜ਼ਾ ਮੁਆਫ਼ੀ ਦੇ ਨਿਰਦੇਸ਼ ਦਿੱਤੇ ਪਰ ਸਰਕਾਰ ਨੇ ਪ੍ਰਬੰਧ ਕਰਨ ਦੀ ਬਜਾਏ 12,000 ਤੋਂ ਵੱਧ ਕਿਸਾਨਾਂ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀਆਂ ਅਤੇ ਜੁਰਮਾਨੇ ਵੀ ਲਾਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ’ਤੇ ਦਰਜ ਪਰਚੇ ਰੱਦ ਨਾ ਕੀਤੇ ਅਤੇ ਰਾਹਤ ਪੈਕੇਜ ਨਾ ਦਿੱਤਾ ਤਾਂ ਉਹ ‘ਆਪ’ ਸਰਕਾਰ ਦੇ ਨੁਮਾਇੰਦਿਆਂ ਦਾ ਪਿੰਡਾਂ ਵਿੱਚ ਦਾਖ਼ਲਾ ਬੰਦ ਕਰ ਦੇਣਗੇ। ਧਰਨੇ ਨੂੰ ਸੂਬਾ ਆਗੂ ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਰਾਮਪਾਲ ਸ਼ਰਮਾ ਸੁਨਾਮ ਹਰਜਿੰਦਰ ਨੰਗਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਜਿੰਦਰ ਸਿੰਘ ਰਾਮਗੜ੍ਹ ਬਿੰਦਰ ਦਰ, ਸਿੰਘ ਬੰਤ ਦਾਸ ਸੇਖੂਵਾਸ, ਕਰਮਜੀਤ ਕੌਰ ਤੇ ਬਲਜੀਤ ਕੌਰ ਲਹਿਲਕਲਾਂ ਨੇ ਸੰਬੋਧਨ ਕੀਤਾ।
