ਸਲੇਮਗੜ੍ਹ ਵਿੱਚ ਕਿਸਾਨਾਂ ਨੇ ਕਬਜ਼ਾ ਕਾਰਵਾਈ ਰੋਕੀ
ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ ਤੇ ਮਜ਼ਦੂਰ ਆਗੂ ਹਰ ਭਗਵਾਨ ਸਿੰਘ ਨੇ ਦੱਸਿਆ ਕਿ ਪਿੰਡ ਸਲੇਮਗੜ੍ਹ ਵਿੱਚ ਇੱਕ ਮਜ਼ਦੂਰ ਪਰਿਵਾਰ ਨੇ 2018 ਦੇ ਵਿੱਚ ਇਕ ਬੈਂਕ ਤੋਂ 8 ਲੱਖ 60 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਪਰਿਵਾਰ ਕਰਜ਼ੇ ਦੀਆਂ ਹੁਣ ਤੱਕ 8 ਲੱਖ ਰੁਪਏ ਭਰ ਚੁੱਕਾ ਹੈ ਪਰ ਬੈਂਕ ਵਾਲਿਆਂ ਨੇ ਵਿਆਜ ਲਾ ਕੇ 17 ਲੱਖ ਦੇ ਕਰੀਬ ਬਕਾਇਆ ਕੱਢ ਰੱਖਿਆ ਹੈ। ਅੱਜ ਬੈਂਕ ਵੱਲੋਂ ਦੂਜੀ ਵਾਰ 29 ਅਗਸਤ ਨੂੰ ਮਜ਼ਦੂਰ ਪਰਿਵਾਰ ਦੇ ਘਰ ਦਾ ਵਾਰੰਟ ਕਬਜ਼ਾ ਕੀਤਾ ਜਾਣਾ ਸੀ ਪਰ ਕਿਸਾਨ ਮਜ਼ਦੂਰ ਏਕਤਾ ਨੇ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਜਥੇਬੰਦੀ ਦੇ ਆਗੂਆਂ ਅਨੁਸਾਰ ਕਿਸਾਨਾਂ ਦੇ ਰੋਹ ਕਾਰਨ ਕੋਈ ਵੀ ਅਧਿਕਾਰੀ ਕਬਜ਼ਾ ਨਹੀਂ ਲੈਣ ਆਇਆ। ਕਿਸਾਨ ਮਜ਼ਦੂਰ ਆਗੂਆਂ ਨੇ ਕਿਹਾ ਕਿ ਕਰਜ਼ਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਚੜ੍ਹਿਆ ਹੈ ਕਿਉਂਕਿ ਰਾਜ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੇਤੀਬਾੜੀ ਧੰਦਾ ਫੇਲ੍ਹ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨ ਮਜ਼ਦੂਰ ਲੋਕ ਦੋਖੀ ਨੀਤੀਆਂ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਰਜ਼ੇ ਬਦਲੇ ਪੰਜਾਬ ਦੇ ਕਿਸੇ ਵੀ ਕਿਸਾਨ ਮਜ਼ਦੂਰ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਬਲਾਕ ਦੇ ਜਨਰਲ ਸਕੱਤਰ ਰਿੰਕੂ ਸਿੰਘ ਮੂਣਕ, ਰੋਸ਼ਨ ਸਿੰਘ, ਨਾਨਕ ਸਿੰਘ ਅਤੇ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਬਲਾਕ ਪ੍ਰਧਾਨ ਭੂਰਾ ਸਿੰਘ, ਕਾਕਾ ਸਿੰਘ ਤੇ ਟੇਕ ਸਿੰਘ ਸਲੇਮਗੜ੍ਹ ਆਦਿ ਨੇ ਸੰਬੋਧਨ ਕੀਤਾ।