ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਲਾਮਬੰਦ ਹੋਣ ਲੱਗੇ ਕਿਸਾਨ

ਸਮਰਾਲਾ ਰੈਲੀ ਦੀਆਂ ਤਿਆਰੀਆਂ ਜਾਰੀ; ਪਿੰਡਾਂ ਨੂੰ ਉਜਾਡ਼ੇਗੀ ਲੈਂਡ ਪੂਲਿੰਗ ਨੀਤੀ: ਲੌਂਗੋਵਾਲ
ਮੀਟਿੰਗ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਮੈਂਬਰ ਕਿਸਾਨ। -ਫੋਟੋ: ਲਾਲੀ
Advertisement

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਸਥਾਨਕ ਗਦਰ ਮੈਮੋਰੀਅਲ ਭਵਨ ਵਿੱਚ ਹੋਈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਸਮਰਾਲਾ ਵਿੱਚ 24 ਅਗਸਤ ਨੂੰ ਕੀਤੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਦੀ ਵਿਉਂਤਬੰਦੀ ਕੀਤੀ ਗਈ ਅਤੇ ਪਿੰਡ-ਪਿੰਡ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੂੰਨਰਾ ਨੇ ਦੱਸਿਆ ਕਿ ਲੈਂਡ ਪੂਲਿੰਗ ਨੀਤੀ ਪੰਜਾਬ ਦੇ ਪਿੰਡਾਂ ਦੇ ਉਜਾੜੇ ਅਤੇ ਕਾਰਪੋਰੇਟ ਦੇ ਮੁਨਾਫਿਆਂ ਦਾ ਰਾਹ ਹੈ, ਇਸ ਨੀਤੀ ਰਾਹੀਂ ਪੰਜਾਬ ਦੀ ਖੇਤੀ ਯੋਗ ਜ਼ਮੀਨ ਦਾ ਵੱਡਾ ਹਿੱਸਾ ਅਨਾਜ ਪੈਦਾਵਾਰ ’ਚੋਂ ਬਾਹਰ ਨਿਕਲ ਜਾਵੇਗਾ ਅਤੇ ਇਸੇ ਤਰ੍ਹਾਂ ਪਿੰਡਾਂ ਵਿੱਚ ਵੱਸਦੀ ਵੱਡੀ ਪੱਧਰ ’ਤੇ ਆਬਾਦੀ ਜੋ ਖੇਤੀ ’ਤੇ ਨਿਰਭਰ ਹੈ, ਬੇਰੁਜ਼ਗਾਰੀ ਵੱਲ ਧੱਕੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੀ ਕੀਮਤ ’ਤੇ ਇਸ ਨੀਤੀ ਨੂੰ ਲਾਗੂ ਨਹੀਂ ਹੋਣ ਦੇਣਗੇ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨੇ ਪੂਸਾ 44 ਝੋਨੇ ’ਤੇ ਪਾਬੰਦੀ ਲਾਈ ਹੋਈ ਹੈ ਪਰ ਸੰਗਰੂਰ ਜ਼ਿਲ੍ਹੇ ਅੰਦਰ 70 ਫੀਸਦੀ ਦੇ ਲਗਭਗ ਇਸ ਝੋਨੇ ਦੀ ਲੁਆਈ ਹੋਈ ਹੈ। ਅਨਾਜ ਭੰਡਾਰਨ ਲਈ ਗੁਦਾਮ ਖਾਲੀ ਨਾ ਹੋਣ ਕਰਕੇ ਤੇ ਕੇਂਦਰ ਵੱਲੋਂ ਲਿਫਟਿੰਗ ਨਾ ਹੋਣ ਕਰਕੇ ਹੁਣੇ ਹੀ ਚਰਚਾ ਚੱਲ ਰਹੀ ਹੈ ਕਿ ਇਸ ਝੋਨੇ ਦੀ ਖਰੀਦ ਸਮੇਂ ਕਿਸਾਨਾਂ ਦੀ ਵੱਡੀ ਪੱਧਰ ’ਤੇ ਲੁੱਟ ਕੀਤੀ ਜਾਵੇਗੀ ਤੇ ਕਾਟ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਦਾ ਝੋਨਾ ਕਾਟ ’ਤੇ ਨਹੀਂ ਵਿਕਣ ਦਿੱਤਾ ਜਾਵੇਗਾ। ਇਨ੍ਹਾਂ ਮਾਮਲਿਆਂ ’ਤੇ ਸਤੰਬਰ ਦੇ ਪਹਿਲੇ ਹਫਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰੀ ਕਾਨਫਰੰਸ ਵੀ ਕੀਤੀ ਜਾਵੇਗੀ। ਇਕੱਤਰਤਾ ਵਿੱਚ ਸੰਗਰੂਰ ਜ਼ਿਲ੍ਹੇ ਵਿੱਚੋਂ ਦਰਜਨਾਂ ਬੱਸਾਂ ਦੇ ਕਾਫਲੇ ਨਾਲ ਸਮਰਾਲਾ ਰੈਲੀ ਵਿੱਚ ਸ਼ਮੂਲੀਅਤ ਕਰਨ ਦਾ ਮਤਾ ਪਾਸ ਕੀਤਾ ਅਤੇ ਇਸ ਦੀਆਂ ਤਿਆਰੀਆਂ ਲਈ ਪਿੰਡ ਪਿੰਡ ਆਗੂ ਟੀਮ ਵੱਲੋਂ ਜੱਥਾ ਮਾਰਚ ਲੈ ਕੇ ਰੈਲੀਆਂ ਦੀ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ। ਮੀਟਿੰਗ ਵਿੱਚ ਜ਼ਿਲ੍ਹਾ ਆਗੂ ਜੁਝਾਰ ਸਿੰਘ ਬਡਰੁੱਖਾਂ, ਗੁਰਮੇਲ ਸਿੰਘ ਉਭਾਵਾਲ, ਜ਼ਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਵਿੱਤ ਸਕੱਤਰ ਕੁਲਦੀਪ ਸਿੰਘ, ਜ਼ਿਲ੍ਹਾ ਆਗੂ ਹਰਦਮ ਸਿੰਘ ਰਾਜੋਮਾਜਰਾ, ਬਲਾਕ ਲੌਂਗੋਵਾਲ ਦੇ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਤੋਂ ਇਲਾਵਾ ਅਮਰਜੀਤ ਸਿੰਘ ਬਡਰੁੱਖਾਂ, ਬਲਜੀਤ ਸਿੰਘ ਦੁੱਗਾਂ ਤੇ ਸੁਲਤਾਨ ਸਿੰਘ ਢੱਡਰੀਆਂ ਆਦਿ ਹਾਜ਼ਰ ਸਨ।

Advertisement
Advertisement