ਕਿਸਾਨਾਂ ਨੇ ਪਿੰਡਾਂ ਵਿੱਚੋਂ ਚਿੱਪ ਵਾਲੇ ਮੀਟਰ ਉਤਾਰੇ
ਕਿਸਾਨ ਮਜ਼ਦੂਰ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਬਿਜਲੀ ਸੋਧ ਬਿੱਲ ਖ਼ਿਲਾਫ਼ ਸੰਘਰਸ਼ ਨੂੰ ਤਿੱਖਾ ਕਰਦਿਆਂ ਅੱਜ ਬੀ ਕੇ ਯੂ ਏਕਤਾ ਆਜ਼ਾਦ ਨਾਲ ਸਬੰਧਤ ਕਿਸਾਨਾਂ ਵੱਲੋਂ ਜ਼ਿਲ੍ਹਾ ਭਰ ਦੇ ਵੱਖ-ਵੱਖ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਉਤਾਰਨ ਦੀ ਮੁਹਿੰਮ ਚਲਾਈ ਗਈ। ਪਿੰਡਾਂ ਵਿਚ ਲੱਗੇ ਚਿੱਪ ਵਾਲੇ ਮੀਟਰ ਉਤਾਰਨ ਤੋਂ ਬਾਅਦ ਘਰਾਂ ਦੀ ਬਿਜਲੀ ਸਪਲਾਈ ਬਹਾਲ ਰੱਖਣ ਲਈ ਸਿੱਧੀਆਂ ਤਾਰਾਂ ਜੋੜ ਦਿੱਤੀਆਂ ਗਈਆਂ। ਉਤਾਰੇ ਬਿਜਲੀ ਮੀਟਰ ਭਲਕੇ 10 ਦਸੰਬਰ ਨੂੰ ਪਾਵਰਕੌਮ ਦੇ ਉਪ ਮੰਡਲ ਦਫ਼ਤਰਾਂ ਵਿਚ ਜਮ੍ਹਾਂ ਕਰਵਾਏ ਜਾਣਗੇ। ਮੀਟਰ ਲੁਕ ਛੁਪ ਕੇ ਨਹੀਂ, ਸਗੋਂ ਪਿੰਡਾਂ ਵਿਚ ਅਨਾਊਂਸਮੈਂਟ ਕਰਵਾ ਕੇ ਅਤੇ ਗਲੀ-ਗਲੀ ਢੋਲ ਵਜਾ ਕੇ ਉਤਾਰੇ ਗਏ ਹਨ। ਕਿਸਾਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ।
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿੱਚੋਂ ਬਿਜਲੀ ਦੇ ਚਿੱਪ ਵਾਲੇ ਮੀਟਰ ਉਤਾਰੇ ਗਏ ਹਨ। ਕਿਸਾਨਾਂ ਵੱਲੋਂ ਪਿੰਡ ਬਡਰੁੱਖਾਂ, ਲੌਂਗੋਵਾਲ, ਮੰਗਵਾਲ, ਕਿਲ੍ਹਾ ਭਰੀਆਂ, ਦੁੱਲਟ ਕੋਠੇ, ਪਿੰਡੀ ਕੇਹਰ ਸਿੰਘ ਵਾਲੀ, ਤੁੰਗਾਂ, ਉਪਲੀ, ਚੀਮਾਂ ਮੰਡੀ ਅਤੇ ਤੋਲਾਵਾਲ ਆਦਿ ਪਿੰਡਾਂ ਵਿਚੋਂ ਬਿਜਲੀ ਦੇ ਚਿੱਪ ਵਾਲੇ ਮੀਟਰ ਉਤਾਰੇ ਗਏ । ਪਿੰਡ ਬਡਰੁੱਖਾਂ ਵਿਖੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਸ਼ਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਬਿਜਲੀ ਦੇ ਮੀਟਰ ਉਤਾਰੇ ਗਏ ਅਤੇ ਜਿੰਨ੍ਹਾਂ ਘਰਾਂ ਦੇ ਮੀਟਰ ਉਤਾਰੇ ਗਏ ਹਨ, ਉਹਨ੍ਹਾਂ ਘਰਾਂ ਦੀ ਬਿਜਲੀ ਸਪਲਾਈ ਚਾਲੂ ਰੱਖਣ ਲਈ ਤਾਰਾਂ ਸਿੱਧੀਆਂ ਖੁਦ ਹੀ ਜੋੜ ਦਿੱਤੀਆਂ ਹਨ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਯੂਨੀਅਨ ਆਗੂਆਂ ਵਲੋਂ ਪਹਿਲਾਂ ਪਿੰਡ ਦੇ ਗੁਰੂ ਘਰਾਂ ਵਿਚ ਅਨਾਊਂਸਮੈਂਟ ਕਰਵਾਈ ਗਈ ਕਿ ਜਿਹੜੇ ਘਰ ਚਿੱਪ ਵਾਲਾ ਮੀਟਰ ਉਤਰਵਾਉਣਾ ਚਾਹੁੰਦੇ ਹਨ, ਉਹ ਯੂਨੀਅਨ ਕੋਲ ਨੋਟ ਕਰਵਾ ਦੇਣ। ਇਸ ਤੋਂ ਇਲਾਵਾ ਕਈ ਪਿੰਡਾਂ ਵਿਚ ਕਿਸਾਨ ਆਗੂਆਂ ਅਤੇ ਬੀਬੀਆਂ ਵਲੋਂ ਗਲੀ-ਗਲੀ ਢੋਲ ਦੇ ਡੱਗੇ ’ਤੇ ਮਾਰਚ ਕਰਕੇ ਪਰਿਵਾਰਾਂ ਦੀ ਸਹਿਮਤੀ ਨਾਲ ਮੀਟਰ ਉਤਾਰੇ ਗਏ।
ਯੂਨੀਅਨ ਆਗੂ ਕੁਲਵਿੰਦਰ ਸਿੰਘ ਸੋਨੀ ਅਤੇ ਸ਼ਿੰਦਰ ਸਿੰਘ ਬਡਰੁੱਖਾਂ ਨੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਚਿੱਪ ਵਾਲੇ ਬਿਜਲੀ ਦੇ ਮੀਟਰ ਪ੍ਰਾਈਵੇਟ ਕੰਪਨੀ ਦੇ ਹਨ, ਜਿਸ ਵਿਚ ਪ੍ਰਾਈਵੇਟ ਕੰਪਨੀ ਦਾ ਸਿਮ ਕਾਰਡ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ ਲਾਗੂ ਹੋਣ ਨਾਲ ਜਿੱਥੇ ਬਿਜਲੀ ਖੇਤਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਹੋ ਜਾਵੇਗਾ, ਉੱਥੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਘਰੇਲੂ ਬਿਜਲੀ ਉਪਰ ਕਾਬਜ਼ ਹੋਣ ਤੋਂ ਬਾਅਦ ਅਗਲਾ ਹਮਲਾ ਮੋਟਰ ਕੁਨੈਕਸ਼ਨਾਂ ਉਪਰ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਲ ਰਹੀ 600 ਯੂਨਿਟ ਬਿਜਲੀ ਸਬਸਿਡੀ ਵੀ ਬੰਦ ਹੋ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਜਿਹੜੇ ਘਰਾਂ ਦੇ ਮੀਟਰ ਉਤਾਰੇ ਗਏ ਹਨ, ਉਨ੍ਹਾਂ ਘਰਾਂ ਵਿਚ ਬਿਜਲੀ ਸਪਲਾਈ ਚਾਲੂ ਰੱਖਣ ਦੀ ਜ਼ਿੰਮੇਵਾਰੀ ਯੂਨੀਅਨ ਨਿਭਾਏਗੀ। ਕਿਸੇ ਪਰਿਵਾਰ ਖਿਲਾਫ਼ ਕਾਰਵਾਈ ਜਾਂ ਜੁਰਮਾਨਾ ਨਹੀਂ ਹੋਣ ਦਿਆਂਗੇ ਅਤੇ ਡਟ ਕੇ ਵਿਰੋਧ ਕਰਾਂਗੇ। ਉਨ੍ਹਾਂ ਦੱਸਿਆ ਕਿ ਉਤਾਰੇ ਗਏ ਚਿੱਪ ਵਾਲੇ ਬਿਜਲੀ ਮੀਟਰ 10 ਦਸੰਬਰ ਨੂੰ ਸਵੇਰੇ 11 ਵਜੇ ਉਪ ਮੰਡਲ ਦਫ਼ਤਰਾਂ ਵਿਚ ਜਮ੍ਹਾਂ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਭੁਟਾਲ ਖੁਰਦ, ਮੰਡਵੀ, ਸਾਹਪੁਰ ਥੇੜੀ, ਕੜੈਲ, ਬੱਲਰਾ, ਬਿਸ਼ਨਪੁਰਾ ਖੋਖਰ, ਚੋਟੀਆਂ, ਪਿਸ਼ੌਰ, ਚੂਲੜ ਕਲਾਂ, ਛਾਜਲੀ, ਮੈਦੇਵਾਸ ਆਦਿ ਪਿੰਡਾਂ ਚ ਵੀ ਮੀਟਰ ਉਤਾਰੇ ਗਏ ਹਨ।
ਉਧਰ, ਪਾਵਰਕੌਮ ਦੇ ਨਿਗਰਾਨ ਇੰਜਨੀਅਰ ਰਘੂਰੀਤ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪ੍ਰੀਪੇਡ ਵਾਲਾ ਕੋਈ ਸਿਸਟਮ ਨਹੀਂ ਹੈ ਅਤੇ ਅਜਿਹਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਦਫ਼ਤਰ ਤੋਂ ਜੋ ਵੀ ਆਦੇਸ਼ ਆਵੇਗਾ, ਉਸਦੀ ਪਾਲਣਾ ਕੀਤੀ ਜਾਵੇਗੀ।
