ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ

ਮੰਗਾਂ ਨਾ ਮੰਨੇ ਜਾਣ ’ਤੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਉਣ ਦੀ ਚਿਤਾਵਨੀ
ਸੰਗਰੂਰ ’ਚ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 31 ਮਾਰਚ

Advertisement

ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਸੱਦੇ ’ਤੇ ਅੱਜ ਬੀਕੇਯੂ (ਏਕਤਾ) ਆਜ਼ਾਦ ਦੀ ਅਗਵਾਈ ਹੇਠ ਵੱਡੀ ਤਾਦਾਦ ’ਚ ਕਿਸਾਨਾਂ ਤੇ ਕਿਸਾਨ ਬੀਬੀਆਂ ਵਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੇ ਜਬਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੇ ਮੱਦੇਨਜ਼ਰ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ’ਤੇ ਵੱਡੀ ਤਾਦਾਦ ’ਚ ਪੁਲੀਸ ਤਾਇਨਾਤ ਸੀ ਅਤੇ ਸਖਤ ਨਾਕੇਬੰਦੀ ਕੀਤੀ ਹੋਈ ਸੀ।

ਅੱਜ ਬੀਕੇਯੂ (ਏਕਤਾ) ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਵੱਡੀ ਤਾਦਾਦ ’ਚ ਕਿਸਾਨ ਪੁੱਜੇ ਅਤੇ ਮੁੱਖ ਮੰਤਰੀ ਦੀ ਰਿਹਾਇਸ਼ੀ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਆਵਾਜਾਈ ਠੱਪ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ।

ਯੂਨੀਅਨ ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਤੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ 19 ਮਾਰਚ ਨੂੰ ‘ਆਪ’ ਸਰਕਾਰ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਆਮ ਕਿਸਾਨਾਂ ਨਾਲ ਗ਼ਦਾਰੀ ਕਰਦਿਆਂ ਧੋਖੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਮੋਰਚਿਆਂ ਨੂੰ ਸਾਜ਼ਿਸ਼ ਤਹਿਤ ਉਖਾੜਿਆ ਗਿਆ ਤੇ ਲੁੱਟਿਆ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਦੋਵੇਂ ਮੋਰਚਿਆਂ ਵਿੱਚੋਂ ਟਰੈਕਟਰ ਟਰਾਲੀਆਂ, ਏਸੀ, ਫਰਿਜ਼, ਪੱਖੇ, ਕੂਲਰ, ਮੋਟਰਸਾਈਕਲ, ਸਾਈਕਲ, ਪਾਣੀ ਵਾਲੀਆਂ ਟੈਂਕੀਆਂ, ਕੰਪਿਊਟਰ, ਅਲਮਾਰੀਆਂ, ਪੇਟੀਆਂ, ਮੰਜੇ, ਮੇਜ਼, ਕੁਰਸੀਆਂ, ਨਗਦੀ, ਲੰਗਰਾਂ ਦੇ ਬਰਤਨ, ਮੋਬਾਈਲ ਫੋਨ, ਗੈਸ ਸਿਲੰਡਰ, ਚੁੱਲ੍ਹੇ ਭੱਠੀਆਂ, ਲੱਖਾਂ ਰੁਪਏ ਖਰਚ ਕੇ ਬਣਾਏ ਆਰਜ਼ੀ ਘਰਾਂ ਤੋਂ ਇਲਾਵਾ ਪਾਣੀ ਵਾਲੀਆਂ ਮੋਟਰਾਂ ਨੂੰ ਸਰਕਾਰੀ ਤੰਤਰ ਵੱਲੋਂ ਲੁੱਟਿਆ ਗਿਆ ਹੈ।

ਉਨ੍ਹਾਂ ਮੰਗ ਕੀਤੀ ਕਿ ਕਰੋੜਾਂ ਦੀ ਲੁੱਟ ਦੀ ਸਰਕਾਰ ਪੂਰਤੀ ਕਰੇ, 20 ਮਾਰਚ ਨੂੰ ਆਗੂ ਬਲਵੰਤ ਸਿੰਘ ਬਹਿਰਾਮ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਥਾਣਾ ਸ਼ੰਭੂ ਦੇ ਮੁਖੀ ਨੂੰ ਬਰਖਾਸਤ ਕੀਤਾ ਜਾਵੇ, ਮੋਰਚਿਆਂ ਤੋਂ ਕਥਿਤ ਲੁੱਟ ਦੇ ਦੋਸ਼ ਹੇਠ ਹਲਕਾ ਘਨੌਰ ਦੇ ਵਿਧਾਇਕ ਨੂੰ ਬਰਖਾਸਤ ਕੀਤਾ ਜਾਵੇ, ਮੋਰਚਿਆਂ ਨੂੰ ਲੁੱਟਣ ਵਾਲਿਆਂ ’ਤੇ ਡਕੈਤੀ ਦੇ ਦੋਸ਼ ਹੇਠ ਕੇਸ ਦਰਜ ਕੀਤੇ ਜਾਣ।

ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਪੰਜਾਬ ਵਿਚ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਬੇਮਿਆਦੀ ਪੱਕੇ ਮੋਰਚੇ ਲਗਾਏ ਜਾਣਗੇ।

ਧਰਨੇ ’ਚ ਬੀਕੇਯੂ ਏਕਤਾ ਉਗਰਾਹਾਂ ਵੀ ਸ਼ਾਮਲ ਹੋਈ। ਰੋਸ ਧਰਨੇ ਵਿੱਚ ਬੀਕੇਯੂ (ਏਕਤਾ) ਆਜ਼ਾਦ ਦੇ ਜ਼ਿਲ੍ਹਾ ਆਗੂ ਹੈਪੀ ਨਮੋਲ, ਜਸਵੀਰ ਮੈਦੇਵਾਸ, ਬੀਕੇਯੂ (ਏਕਤਾ) ਉਗਰਾਹਾਂ ਦੇ ਆਗੂ ਦਰਬਾਰਾ ਸਿੰਘ ਛਾਜਲਾ, ਮਨਜੀਤ ਸਿੰਘ ਘਰਾਚੋਂ, ਬੀਕੇਯੂ (ਸਿੱਧੂਪੁਰ) ਦੇ ਕਰਨੈਲ ਸਿੰਘ, ਰਾਮਫਲ ਸਿੰਘ ਜਲੂਰ, ਕੇਵਲ ਸਿੰਘ ਜਵੰਧਾ, ਰਾਜ ਧੇੜੀ, ਅਮਰ ਸਿੰਘ ਲੌਂਗੋਵਾਲ, ਸੁਖਚੈਨ ਸ਼ਾਦੀਹਰੀ, ਗੁਰਜੀਤ ਸਿੰਘ, ਬਲਜੀਤ ਕੌਰ ਕਿਲਾਭਰੀਆਂ, ਕਰਨੈਲ ਸਿੰਘ ਹਰਿਆਊ ਤੇ ਕਰਮਜੀਤ ਕੌਰ ਭਿੰਡਰਾਂ ਅਤੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

ਕਿਸਾਨਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ

ਪਟਿਆਲਾ ਵਿੱਚ ਸਿਹਤ ਮੰਤਰੀ ਦੀ ਰਿਹਾਇਸ਼ ਨੇੜੇ ਧਰਨਾ ਦਿੰਦੇ ਹੋਏ ਕਿਸਾਨ।

ਪਟਿਆਲਾ (ਸਰਬਜੀਤ ਸਿੰਘ ਭੰਗੂ): ਚੰਡੀਗੜ੍ਹ ਵਿੱਚ 19 ਮਾਰਚ ਨੂੰ ਕੇਂਦਰੀ ਤੇ ਸੂਬਾਈ ਮੰਤਰੀਆਂ ਦੇ ਨਾਲ ਮੀਟਿੰਗ ਕਰਕੇ ਪਰਤ ਰਹੇ ਕਿਸਾਨ ਆਗੂਆਂ ਗ੍ਰਿਫ਼ਤਾਰ ਕਰਨ ਅਤੇ ਇਸ ਮਗਰੋਂ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਪਟਿਆਲਾ ਜ਼ਿਲ੍ਹੇ ’ਚ ਸਥਿਤ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ 13 ਫਰਵਰੀ, 2024 ਤੋਂ ਜਾਰੀ ਕਿਸਾਨ ਮੋਰਚਿਆਂ ਨੂੰ ਪਲੀਸ ਵੱਲੋਂ ਖਦੇੜਨ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਐੱਸਕੇਐੱਮ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿਤੇ ਗਏ ਸੱਦੇ ਤਹਿਤ ਅੱਜ ਇੱਥੇ ਪਾਸੀ ਰੋਡ ’ਤੇ ਸਥਿਤ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਧਰਨੇ ਨੂੰ ਮਨਜੀਤ ਨਿਆਲ, ਤੇਜਵੀਰ ਪੰਜੋਖਰਾ, ਰਣਜੀਤ ਸਵਾਜਪੁਰ, ਮਾਸਟਰ ਬਲਰਾਜ ਜੋਸ਼ੀ, ਗੁਰਧਿਆਨ ਸਿਉਣਾ, ਕਰਨੈਲ ਲੰਗ, ਜਰਨੈਲ ਕਾਲੇਕੇ, ਜੰਗ ਸਿੰਘ ਭਟੇੜੀ, ਬਲਕਾਰ ਬੈਂਸ, ਜੈ ਸਿੰਘ ਜਲਵੇੜਾ, ਗੁਰਅਮਨੀਤ ਮਾਂਗਟ, ਗੁਰਦੇਵ ਗੱਜੂਮਾਜਰਾ, ਗੁਰਵਿੰਦਰ ਸਦਰਪੁਰ, ਬਲਰਾਜ ਜੋਸ਼ੀ, ਸਾਹਿਬ ਦੁਤਾਲ, ਜਸਵੀਰ ਟਿਵਾਣਾ, ਕਿਰਨਜੀਤ ਕੌਰ ਬੰਮ੍ਹਣਾ, ਦੇਵਿੰਦਰ ਕੌਰ ਹਰਦਾਸਪੁਰ, ਬੂਟਾ ਸਿੰਘ, ਲਲਿਤ ਸ਼ਰਮਾ ਤੇ ਗੁਰਨਾਮ ਢੈਂਠਲ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਕਿਸਾਨ ਮਜ਼ਦੂਰ ਵਿਰੋਧੀ ਕਾਰਵਾਈ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਚੋਰੀ ਦੇ ਘਟਨਾਕ੍ਰਮ ਦੇ ਪਿੱਛੇ ਸਾਜ਼ਿਸ਼ ਵਿੱਚ ਘਨੌਰ ਦੇ ‘ਆਪ’ ਵਿਧਾਇਕ ਗੁਰਲਾਲ ਘਨੌਰ ਦੇ ਵੀ ਸ਼ਾਮਲ ਹੋਣ ਦੇ ਕਥਿਤ ਦੋਸ਼ ਲਾਉਂਦਿਆਂ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ’ਤੇ ਜ਼ੋਰ ਦਿੱਤਾ ਗਿਆ। ਦੱਸ ਦੇਈਏ ਕਿ ਵਿਧਾਇਕ ਗੁਰਲਾਲ ਘਨੌਰ ਅਜਿਹੇ ਦੋਸ਼ਾਂ ਦਾ ਪਹਿਲਾਂ ਹੀ ਖੰਡਨ ਕਰ ਚੁੱਕੇ ਹਨ ਤੇ ਅੱਜ ਵੀ ਉਨ੍ਹਾਂ ਇਹੀ ਗੱਲ ਦੁਹਰਾਈ ਕਿ ਕਿਸੇ ਵੀ ਤਰ੍ਹਾਂ ਦਾ ਸਾਮਾਨ ਚੋਰੀ ਕਰਨ ਵਾਲਿਆਂ ਨਾਲ ਉਨ੍ਹਾਂ ਦਾ ਕੋਈ ਵੀ ਸਬੰਧ ਨਹੀਂ ਹੈ। ਆਗੂਆਂ ਨੇ ਘਨੌਰ ਹਲਕੇ ਦੇ ਇੱਕ ਥਾਣਾ ਮੁਖੀ ’ਤੇ ਇੱਕ ਕਿਸਾਨ ਨੇਤਾ ਦੀ ਕੁੱਟਮਾਰ ਕਰਨ ਦੇ ਦੋਸ਼ ਵੀ ਲਾਏ ਹਨ।

ਵਿਧਾਇਕ ਦੇ ਘਰ ਅੱਗੇ ਧਰਨਾ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਦੇ ਸੱਦੇ ’ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਘਰ ਸਾਹਮਣੇ ਬੀਕੇਯੂ ਸਿੱਧੂਪੁਰ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਰੋਸ ਪ੍ਰਦਰਸ਼ਨ ਕੀਤਾ। ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਬੀਕੇਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਹੀਰਾ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲ੍ਹਾ ਆਗੂ ਬਲਜੀਤ ਸਿੰਘ ਸ਼ੇਰਗੜ੍ਹ ਅਤੇ ਬਲਾਕ ਆਗੂ ਵਰਿਆਮ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਸੀ ਪਰ ਸੱਤਾ ਮਿਲਣ ਮਗਰੋਂ ਜਿਸ ਤਰ੍ਹਾਂ ਸਰਕਾਰ ਨੇ ਆਪਣਾ ਕਿਸਾਨ ਵਿਰੋਧੀ ਕਿਰਦਾਰ ਸਾਬਿਤ ਕੀਤਾ ਹੈ ਉਸ ਤੋਂ ਸੱਪਸ਼ਟ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੇਂਦਰ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਕਿਸਾਨਾਂ ਦਾ ਏਕਾ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕਰੇਗਾ। ਇਸ ਮੌਕੇ ਸਾਬਕਾ ਸਰਪੰਚ ਚਰਨਜੀਤ ਸਿੰਘ ਨੂਰਪੁਰਾ, ਸੂਬਾ ਸਿੰਘ ਮੌਲਵੀਵਾਲਾ, ਗੁਰਵਿੰਦਰ ਸਿੰਘ ਸੰਧੂ, ਪ੍ਰਭਜੋਤ ਸਿੰਘ, ਸਮਸ਼ੇਰ ਸਿੰਘ ਸ਼ਤਰਾਣਾ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਸੁਖਦਰਸ਼ਨ ਸਿੰਘ ਬਿੱਟੂ, ਬਾਬੂ ਸਿੰਘ, ਸੁਖਵਿੰਦਰ ਸਿੰਘ, ਪ੍ਰਤਾਪ ਸਿੰਘ ਝੱਬਰ, ਲਖਵਿੰਦਰ ਸਿੰਘ, ਜਸਪਾਲ ਸਿੰਘ ਅਤੇ ਸਤਨਾਮ ਸਿੰਘ ਹਾਜ਼ਰ ਸਨ।

Advertisement