ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਸਾਰੇ ਰੁਝੇਵੇਂ ਛੱਡ ਕੇ ਸਿਰਫ਼ ਹੜ੍ਹ ਪੀੜਤਾਂ ਦੀ ਮਦਦ ਦਾ ਫ਼ੈਸਲਾ
ਮੀਟਿੰਗ ਦੌਰਾਨ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੇ ਬਚਾਅ ਅਤੇ ਰਸਦ, ਮਾਲੀ ਸਹਾਇਤਾ ਲਈ ਵਿਚਾਰ-ਵਟਾਂਦਰਾ ਹੋਇਆ। ਆਗੂਆਂ ਨੇ ਕਿਹਾ ਕਿ ਜਥੇਬੰਦੀ ਆਪਣੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਸਿਰਫ਼ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ, ਹਰ ਕੋਨੇ ਵਿੱਚ ਰਸਦ, ਪਸ਼ੂਆਂ ਲਈ ਚਾਰਾ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਦਦ ਲਈ ਸਾਮਾਨ ਇਕੱਠਾ ਕਰਨਾ ਵੱਡੀ ਗੱਲ ਨਹੀਂ, ਬਲਕਿ ਪੀੜਤਾਂ ਤੱਕ ਪਹੁੰਚਣਾ ਵੱਡੀ ਗੱਲ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਉਮੀਦ ਨਹੀਂ, ਸੂਬਾ ਸਰਕਾਰ ਇਸ ਸਬੰਧੀ ਰਾਖਵੇਂ ਫੰਡ 12000 ਕਰੋੜ ਰੁਪਏ ਕਥਿਤ ਤੌਰ ’ਤੇ ਗੋਲ ਕਰ ਗਈ ਹੈ ਅਤੇ ਪ੍ਰਧਾਨ ਮੰਤਰੀ 1600 ਕਰੋੜ ਕਹਿ ਕੇ ਖਹਿੜਾ ਛੁਡਾ ਗਏ। ਮੁੱਖ ਮੰਤਰੀ ਹਸਪਤਾਲ ਵਿੱਚ ਦਾਖ਼ਲ ਹੋ ਕੇ ਖਹਿੜਾ ਛੁਡਾ ਗਏ ਅਤੇ ਹੜ੍ਹਾਂ ਨਾਲ ਨਜਿੱਠਣ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਸਿਰਫ ਜ਼ਮੀਨਾਂ ਹਥਿਆਉਣ ਤੱਕ ਹੀ ਸੀਮਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਗੁਆਂਢੀ ਰਾਜਾਂ ਦੇ ਲੋਕ ਵੀ ਪੁੱਜੇ ਹਨ ਜੋ ਕਿ ਸ਼ਲਾਘਾਯੋਗ ਹੈ। ਮੀਟਿੰਗ ’ਚ ਕਿਸਾਨ ਆਗੂ ਕਰਮਜੀਤ ਸਿੰਘ ਮੰਗਵਾਲ, ਕਰਮਜੀਤ ਸਿੰਘ ਮੰਡੇਰ, ਪ੍ਰਿਤਪਾਲ ਸਿੰਘ ਚੱਠਾ, ਬੂਟਾ ਸਿੰਘ ਲੌਂਗੋਵਾਲ ਅਤੇ ਹਰਮੇਲ ਸਿੰਘ ਲੋਹਾਖੇੜਾ ਹਾਜ਼ਰ ਸਨ।