ਕਿਸਾਨ ਜਥੇਬੰਦੀ ਵੱਲੋਂ ਸਮਰਾਲਾ ਰੈਲੀ ਦੀ ਤਿਆਰੀ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ 24 ਅਗਸਤ ਦੀ ਸਮਰਾਲਾ ਮਹਾਰੈਲੀ ਦੀ ਤਿਆਰੀ ਸਬੰਧੀ ਇਥੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਲੈ ਕੇ ਆਈ ਸੀ ਜਿਸ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਡਟ ਕੇ ਵਿਰੋਧ ਕੀਤਾ ਗਿਆ ਅਤੇ ਪਿੰਡਾਂ ਵਿਚ ਬੈਨਰ ਲਗਾ ਕੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਹੋਏ ਜ਼ੋਰਦਾਰ ਵਿਰੋਧੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਦਬਾਅ ਹੇਠ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਲਈ ਮਜਬੁਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਅਗਸਤ ਨੂੰ ਸਮਰਾਲਾ ਵਿੱਚ ਜੇਤੂ ਮਹਾਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਪੰਜਾਬ ਭਰ ਤੋਂ ਕਿਸਾਨ ਵਹੀਰਾਂ ਘੱਤ ਕੇ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ’ਚੋਂ ਵੀ ਵੱਡੀ ਤਾਦਾਦ ’ਚ ਕਿਸਾਨ ਸਮਰਾਲਾ ਰੈਲੀ ਲਈ ਰਵਾਨਾ ਹੋਣਗੇ। ਮੀਟਿੰਗ ਨੂੰ ਮਲਕੀਤ ਸਿੰਘ ਲਖਮੀਰਵਾਲਾ, ਕਸ਼ਮੀਰ ਸਿੰਘ ਘਰਾਂਚੋਂ ਜ਼ਿਲ੍ਹਾ ਜਨਰਲ ਸਕੱਤਰ, ਰੋਹੀ ਸਿੰਘ ਮੰਗਵਾਲ ਜ਼ਿਲ੍ਹਾ ਮੀਤ ਪ੍ਰਧਾਨ, ਜਸਪਾਲ ਸਿੰਘ ਘਰਾਚੋਂ ਜ਼ਿਲ੍ਹਾ ਪ੍ਰੈੱਸ ਸਕੱਤਰ, ਦਰਸ਼ਨ ਸਿੰਘ ਲਿੱਦੜਾਂ, ਗੁਰਜੰਟ ਸਿੰਘ ਮੰਗਵਾਲ, ਬਲਵਿੰਦਰ ਸਿੰਘ ਲਹਿਰਾ, ਗੁਰਮੇਲ ਸਿੰਘ ਗਿੱਦੜਆਣੀ, ਬਲਜਿੰਦਰ ਸਿੰਘ ਸੰਘਰੇੜੀ, ਪ੍ਰੀਤਮ ਸਿੰਘ ਬਡਰੁੱਖਾਂ, ਸੁਖਵੀਰ ਸਿੰਘ ਮਹਿਲਾ ਤੇ ਨਾਜਰ ਸਿੰਘ ਰਾਮਗੜ੍ਹ ਆਦਿ ਨੇ ਸਬੋਧਨ ਕੀਤਾ।