ਕਿਸਾਨ ਜਥੇਬੰਦੀ ਡਕੌਂਦਾ ਨੇ ਹੜ੍ਹ ਪੀੜਤਾਂ ਲਈ ਮੁਆਵਜ਼ਾ ਮੰਗਿਆ
ਪੰਜਾਬ ਸਰਕਾਰ ਨੇ ਦਰਿਆਵਾਂ ਦੇ ਬੰਨ ਮਜ਼ਬੂਤ ਨਹੀਂ ਕੀਤੇ: ਹਰਨੇਕ ਮਹਿਮਾ
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਕਮੇਟੀ ਤੋਂ ਇਲਾਵਾ 14 ਜ਼ਿਲ੍ਹਿਆਂ ਦੇ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਮੁੱਖ ਤੌਰ ’ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਡੈਮਾਂ ਅਤੇ ਦਰਿਆਵਾਂ ਵਿੱਚੋਂ ਮਿੱਟੀ ਕੱਢਣ ਅਤੇ ਬੰਨ੍ਹ ਮਜ਼ਬੂਤ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਮੀਟਿੰਗ ਵਿੱਚ ਸੂਬਾ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਸਮੇਤ ਹੋਰ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਕਾਰਨ ਤਬਾਹ ਹੋਈਆਂ ਫਸਲਾਂ ਦਾ 70,000 ਰੁਪਏ ਪ੍ਰਤੀ ਏਕੜ, ਢਹੇ ਹੋਏ ਮਕਾਨਾਂ ਦਾ ਅਤੇ ਮਰੇ ਹੋਏ ਪਸ਼ੂਆਂ ਦਾ ਅਸਲ ਆਧਾਰ ’ਤੇ ਪੂਰਾ ਮੁਆਵਜ਼ਾ ਬਿਨਾਂ ਕਿਸੇ ਦੇਰੀ ਤੋਂ ਦਿੱਤਾ ਜਾਵੇ। ਫਸਲਾਂ ਦਾ ਮੁਆਵਜ਼ਾ ਏਕੜ ਨੂੰ ਇਕਾਈ ਮੰਨ ਕੇ ਦਿੱਤਾ ਜਾਵੇ। ਘਰੋਂ ਬੇਘਰ ਹੋਏ ਲੋਕਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਫੌਰੀ ਕੀਤਾ ਜਾਵੇ, ਬਿਮਾਰੀਆਂ ਫ਼ੈਲਣ ਤੋਂ ਰੋਕਣ ਲਈ ਦਵਾਈਆਂ ਤੇ ਬਿਮਾਰੀ ਫ਼ੈਲਾਉਣ ਵਾਲੇ ਕੀਟਾਂ ਨੂੰ ਮਾਰਨ ਦਾ ਪ੍ਰਬੰਧ ਕੀਤਾ ਜਾਵੇ। ਮੀਟਿੰਗ ਵਿੱਚ ਜ਼ਿਲ੍ਹਾ ਸੰਗਰੂਰ ਦੇ ਰਣਧੀਰ ਸਿੰਘ ਭੱਟੀਵਾਲ, ਜਗਤਾਰ ਸਿੰਘ ਦੁੱਗਾਂ, ਫਿਰੋਜ਼ਪੁਰ ਦੇ ਗੁਲਜ਼ਾਰ ਸਿੰਘ ਕਬਰ ਬੱਛਾ, ਬਰਨਾਲਾ ਦੇ ਜੁਗਰਾਜ ਸਿੰਘ ਹਰਦਾਸਪੁਰਾ, ਮਾਨਸਾ ਦੇ ਲਖਬੀਰ ਸਿੰਘ ਅਕਲੀਆ, ਬਠਿੰਡਾ ਦੇ ਹਰਵਿੰਦਰ ਸਿੰਘ ਕੋਟਲੀ, ਮੁਕਤਸਰ ਸਾਹਿਬ ਦੇ ਗੁਰਦੀਪ ਸਿੰਘ ਖੁੱਡੀਆਂ ਤੇ ਮਲੇਰਕੋਟਲਾ ਦੇ ਦਰਬਾਰਾ ਸਿੰਘ ਬਾਗੜੀਆਂ ਆਦਿ ਹਾਜ਼ਰ ਸਨ।
Advertisement
Advertisement