ਬਿਜਲੀ ਕੱਟਾਂ ਤੋਂ ਅੱਕੇ ਕਿਸਾਨਾਂ ਵੱਲੋਂ ਐਕਸੀਅਨ ਦਫ਼ਤਰ ਅੱਗੇ ਧਰਨਾ
ਖੇਤੀ ਮੋਟਰਾਂ ਵਾਲੀ ਬਿਜਲੀ ਸਪਲਾਈ ਵਿੱਚ ਕੱਟਾਂ ਤੋਂ ਅੱਕੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਦੀ ਅਗਵਾਈ ਹੇਠ ਐਕਸੀਅਨ ਦਫਤਰ ਲਹਿਰਾ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਪ੍ਰੈੱਸ ਸਕੱਤਰ ਜਤਿੰਦਰ ਸਿੰਘ ਜਲੂਰ, ਮੀਤ ਪ੍ਰਧਾਨ ਨਿਰਭੈ ਸਿੰਘ ਕੱਲਰ ਭੈਣੀ ਤੇ ਰਿੰਕੂ ਮੂਣਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਤਾਂ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਹੁਣ ਜਦੋਂ ਝੋਨੇ ਦੀ ਫਸਲ ਨਸਾਰੇ ’ਤੇ ਆਈ ਹੋਈ ਹੈ ਅਤੇ ਫਸਲ ਨੂੰ ਪਾਣੀ ਦੀ ਬਹੁਤ ਲੋੜ ਹੈ ਤਾਂ ਪਾਵਰਕੌਮ ਦੀ ਡਿਵੀਜ਼ਨ ਲਹਿਰਾ ’ਚ ਪੈਂਦੇ ਵੱਖ-ਵੱਖ ਗਰਿੱਡਾਂ ਤੋਂ ਚੱਲਦੀ ਖੇਤਾਂ ਵਾਲੀ ਸਪਲਾਈ ਦੇ ਸਵੇਰ ਵਾਲੇ ਗਰੁੱਪ ਤਾਂ ਸਹੀ ਚੱਲਦੇ ਹਨ ਪਰ ਦੁਪਹਿਰ ਤੋਂ ਰਾਤ ਤੱਕ ਚੱਲਣ ਵਾਲੇ ਗਰੁੱਪਾਂ ’ਚ ਪੀਸੀ ਪਟਿਆਲਾ ਦੇ ਹੁਕਮਾਂ ਦਾ ਵੇਰਵਾ ਪਾ ਕੇ ਹਰ ਰੋਜ਼ 2 -3 ਘੰਟੇ ਦਾ ਕੱਟ ਲਗਾਇਆ ਜਾ ਰਿਹਾ ਹੈ ਤੇ ਉਸ ਬਿਜਲੀ ਕੱਟ ਦੀ ਪੂਰਤੀ ਲਈ ਕੋਈ ਵਾਧੂ ਸਪਲਾਈ ਵੀ ਨਹੀਂ ਦਿੱਤੀ ਜਾ ਰਹੀ। ਇਸ ਕਰਕੇ ਨਸਾਰੇ ’ਤੇ ਆਈ ਹੋਈ ਝੋਨੇ ਦੀ ਫਸਲ ਦਾ ਨੁਕਸਾਨ ਹੋਣਾ ਸੁਭਾਵਿਕ ਹੈ। ਅੱਜ ਐਕਸੀਅਨ ਵੱਲੋਂ 12 ਵਜੇ ਦੇ ਕਰੀਬ ਕੁੱਝ ਸਮੇਂ ਲਈ ਦਫਤਰ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਨਿਰਨਿਘਨ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ। ਇਸ ਮੌਕੇ ਹਰਬੰਸ ਸਿੰਘ ਕਾਲਬੰਜਾਰਾ, ਬਲਵਿੰਦਰ ਸਿੰਘ ਜਲੂਰ, ਪ੍ਰਦੀਪ ਸਿੰਘ, ਅਮਰੀਕ ਸਿੰਘ, ਤਰਸੇਮ ਸਿੰਘ, ਮਲਕੀਤ ਸਿੰਘ, ਚਮਕੌਰ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।