ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਰਨਾ ਦੇਣ ਜਾਂਦੇ ਕਿਸਾਨ ਹਿਰਾਸਤ ’ਚ ਲਏ

ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਪਿੰਡ ਕਕਰਾਲਾ ਵਿੱਚ ਰੇਲਵੇ ਲਾਈਨ ’ਤੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਰਾਜੇਸ਼ ਸੱਚਰ
Advertisement

ਬਿਜਲੀ ਸੋਧ ਬਿੱਲ ਖ਼ਿਲਾਫ਼ ਅਤੇ ਹੋਰ ਕਿਸਾਨੀ ਮੰਗਾਂ ਸਬੰਧੀ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਰੇਲਵੇ ਲਾਈਨਾਂ ਰੋਕੀਆਂ। ਹਾਲਾਂਕਿ ਸੂਬੇ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਸ਼ੰਭੂ ਵਿੱਚ ਪੁਲੀਸ ਨੇ ਕਿਸਾਨਾਂ ਨੂੰ ਰੇਲਵੇ ਲਾਈਨ ਨਾ ਰੋਕਣ ਦਿੱਤੀ, ਜਿਸ ਕਰਕੇ ਸਿਰਫ਼ ਰੇਲਵੇ ਸਟੇਸ਼ਨ ’ਤੇ ਹੀ ਧਰਨਾ ਦਿੱਤਾ ਗਿਆ।

ਰੇਲਵੇ ਲਾਈਨ ਰੋਕਣ ਦੀ ਕੋਸਿਸ਼ ਕਰਦੇ ਕਈ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਕੇ ਇੱਕ ਪੁਲੀਸ ਵੈਨ ਰਾਹੀਂ ਥਾਣੇ ਲਿਜਾਣ ਦੀ ਕੋਸ਼ਿਸ ਵੀ ਕੀਤੀ ਪਰ ਇਕੱਠੇ ਹੋਏ ਕਿਸਾਨਾਂ ਨੇ ਉਨ੍ਹਾਂ ਨੂੰ ਛੁਡਾਇਆ। ਹਿਰਾਸਤ ’ਚ ਲਏ ਕਿਸਾਨਾਂ ਨੂੰ ਪੁਲੀਸ ਨੇ ਰੇਲਵੇ ਲਾਈਨ ਨਾ ਰੋਕਣ ਦੇ ਸਮਝੌਤੇ ਤਹਿਤ ਛੱਡਿਆ।

Advertisement

ਕਿਸਾਨ ਯੂਨੀਅਨ ਭਟੇੜੀ ਦੇ ਸੂਬਾਈ ਆਗੂ ਬਲਕਾਰ ਬੈਂਸ ਨੇ ਕਿਹਾ ਕਿ ਪੁਲੀਸ ਦਾ ਰਵੱਈਏ ਢੁੱਕਵਾਂ ਨਹੀਂ ਸੀ ਪਰ ਇਹ ਸੰਕੇਤਕ ਪ੍ਰੋਗਰਾਮ ਹੀ ਸੀ, ਜਿਸ ਕਰਕੇ ਕਿਸਾਨ ਐਵੇਂ ਪੁਲੀਸ ਨਾਲ ਉਲਝਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਦੂਜੇ ਬੰਨ੍ਹੇ ਡੀ ਐੱਸ ਪੀ ਹਰਮਨਪ੍ਰੀਤ ਚੀਮਾ ਨੇ ਮੰਨਿਆ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਰੇਲਵੇ ਲਾਈਨ ’ਤੇ ਨਹੀਂ ਜਾਣ ਦਿੱਤਾ।

ਸ਼ੰਭੂ ਧਰਨੇ ਦੌਰਾਨ ਕਿਸਾਨ ਯੂਨੀਅਨ ਭਟੇੜੀ ਦੇ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ, ਬਲਕਾਰ ਬੈਂਸ, ਬੀ ਕੇ ਯੂ ਪੁਆਧ ਦੇ ਸੂਬਾ ਪ੍ਰਧਾਨ ਚਰਨਜੀਤ ਝੂੰਗੀਆਂ ਤੇ ਹਰਵਿੰਦਰ ਮਿੱਠੂ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ, ਸੂਬਾ ਆਗੂ ਬਲਜਿੰਦਰ ਢੀਂਡਸਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਇੰਦਰਮੋਹਨ ਘੁਮਾਣਾ ਤੇ ਸਤਨਾਮ ਸਿੰਘ ਨੇ ਸੰਬੋਧਨ ਕੀਤਾ।

ਭਾਰਤੀ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਪਿੰਡ ਕਕਰਾਲਾ ਵਿੱਚ ਰੇਲਵੇ ਲਾਈਨ ’ਤੇ ਧਰਨੇ ’ਚ ਸੂਬਾਈ ਆਗੂ ਮਨਜੀਤ ਨਿਆਲ, ਯਾਦਵਿੰਦਰ ਬੂਰੜ ਤੇ ਚਮਕੌਰ ਸਿੰਘ ਨੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ। ਉਨ੍ਹਾਂ ‘ਆਪ’ ਸਰਕਾਰ ਖ਼ਿਲਾਫ਼ ਲੋਕਾਂ ’ਤੇ ਜ਼ੁਲਮ ਕਰਨ ਦੇ ਦੋਸ਼ ਲਾਏ। ਕਿਸਾਨ ਨੇਤਾ ਮਨਜੀਤ ਨਿਆਲ ਨੇ ਦੱਸਿਆ ਕਿ 10 ਦਸੰਬਰ ਨੂੰ ਚਿੱਪ ਮੀਟਰ ਹਟਾ ਕੇ ਬਿਜਲੀ ਬੋਰਡ ਦਫ਼ਤਰ ਵਿੱਚ ਰੱਖੇ ਜਾਣਗੇ, ਜਦਕਿ 17 ਅਤੇ 18 ਦਸੰਬਰ ਨੂੰ ਡੀ ਸੀ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਅੱਜ ਸੁਨਾਮ ਵਿੱਚ ਰੱਖੇ ਗਏ ਰੇਲ ਰੋਕੋ ਪ੍ਰੋਗਰਾਮ ਨੂੰ ਫੇਲ੍ਹ ਕਰਨ ਲਈ ਇੱਥੋਂ ਦੀ ਪੁਲੀਸ ਨੇ ਵੱਖ ਵੱਖ ਥਾਵਾਂ ਤੋਂ ਕਾਬੂ ਕਰਕੇ ਇੱਕ ਦਰਜਨ ਕਿਸਾਨ ਆਗੂ ਥਾਣੇ ਵਿੱਚ ਬੰਦ ਕੀਤੇ। ਯੂਨੀਅਨ ਦੇ ਬਲਾਕ ਆਗੂ ਬਲਵਿੰਦਰ ਸਿੰਘ ਲੱਖੇਵਾਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਣੇ ਧਰਨੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਲਰ ਘਰਾਟ ਵਿੱਚ ਲਗਾਏ ਪੁਲੀਸ ਨਾਕੇ ’ਤੇ ਰੋਕ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਭਵਾਨੀਗੜ੍ਹ ਪੁਲੀਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨਾਲ ਦਰਸ਼ਨ ਸਿੰਘ,ਗਿਆਨ ਸਿੰਘ, ਕਰਨੈਲ ਸਿੰਘ ਮੁਨਸ਼ੀ ਵਾਲਾ, ਬਲਵਿੰਦਰ ਸਿੰਘ ਮੁਨਸ਼ੀ ਵਾਲਾ, ਈਸ਼ਰ ਸਿੰਘ ਭਰਾਜ ਅਤੇ ਭਰਪੂਰ ਸਿੰਘ ਭਰਾਜ ਸਨ। ਇਸ ਤੋਂ ਇਲਾਵਾ ਭਵਾਨੀਗੜ੍ਹ ਥਾਣੇ ਵਿੱਚ ਸਤਗੁਰ ਸਿੰਘ ਨਮੋਲ, ਗੁਰਚਰਨ ਸਿੰਘ ਬਿਗੜਵਾਲ, ਨਿਰਮਲ ਸਿੰਘ ਸ਼ਾਹਪੁਰ, ਮੱਖਣ ਸਿੰਘ ਚੀਮਾ ਅਤੇ ਦਾਰਾ ਖਾਂ ਜਗਤਪੁਰਾ ਨੂੰ ਵੀ ਬੰਦ ਕੀਤਾ ਗਿਆ। ਕਈ ਘੰਟਿਆਂ ਤੋਂ ਬਾਅਦ ਸਾਰੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਹੱਕੀ ਸੰਘਰਸ਼ ਨੂੰ ਧੱਕੇਸ਼ਾਹੀ ਨਾਲ ਰੋਕਣਾ ਚਾਹੁੰਦੀ ਹੈ, ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਮਨ ਸ਼ਾਂਤੀ ਬਹਾਲ ਰੱਖਣ ਲਈ ਇਹ ਕਾਰਵਾਈ ਕੀਤੀ ਗਈ ਸੀ।

ਗ੍ਰਿਫ਼ਤਾਰੀ ਦੀ ਆਲੋਚਨਾ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦਾ ਜਥਾ ਜਥੇਬੰਦੀ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ ਦੀ ਅਗਵਾਈ ਵਿੱਚ ਆਗੂਆਂ ਨੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਕਰਵਾਉਣ ਦੀ ਬਜਾਏ ‘ਆਪ’ ਸਰਕਾਰ ਕੇਂਦਰ ਦਾ ਹੱਥ ਠੋਕਾ ਬਣੀ ਹੋਈ ਹੈ। ਇਸ ਮੌਕੇ ਗੁਰਪ੍ਰੀਤ ਕੌਰ ਬਰਾਸ, ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ, ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ੍ਹ, ਜਨਰਲ ਸਕੱਤਰ ਅਮਰਿੰਦਰ ਸਿੰਘ ਘੱਗਾ, ਪ੍ਰਧਾਨ ਹਰਦਿਆਲ ਸਿੰਘ ਘੱਗਾ, ਨਿਸ਼ਾਨਾ ਸਿੰਘ ਬੂਰੜ ਅਤੇ ਰਾਜ ਕੌਰ ਬਰਾਸ ਹਾਜ਼ਰ ਸਨ।

ਧਰਨੇ ਤੋਂ ਪਹਿਲਾਂ ਪੁਲੀਸ ਨੇ ਕਿਸਾਨ ਆਗੂਆਂ ਨੂੰ ਚੁੱਕਿਆ

ਭਰੂਰ ਰੇਲਵੇ ਸਟੇਸ਼ਨ ਨੇੜਿਓਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਪੁਲੀਸ ਅਧਿਕਾਰੀ।

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦਾ ਧਰਨਾ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਦੀ ਘਰੋ-ਘਰੀ ਜਾ ਕੀਤੀ ਫੜ-ਫੜਾਈ ਕਾਰਨ ਕਿਸਾਨੀ ਪ੍ਰੋਗਰਾਮ ਨਾਕਾਮ ਹੋ ਗਿਆ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਰੇਲ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਵਾਉਣ, ਬਿਜਲੀ ਦੇ ਪ੍ਰੀਪੇਡ ਮੀਟਰ ਲਾਹੁਣ, ਸਰਕਾਰ ਵਲੋਂ ਜਨਤਕ ਜਾਇਦਾਦਾਂ ਜਬਰੀ ਵੇਚਣ ਖ਼ਿਲਾਫ਼ ਅੱਜ ਰੇਲ ਚੱਕਾ ਜਾਮ ਕੀਤੇ ਜਾਣ ਦਾ ਪ੍ਰੋਗਰਾਮ ਸੀ। ਪੁਲੀਸ ਨੇ ਅੱਜ ਤੜਕੇ ਕਾਰਵਾਈ ਕਰਦਿਆਂ ਜਥੇਬੰਦੀ ਦੇ ਆਗੂਆਂ ਸੰਤ ਰਾਮ ਸਿਘ ਛਾਜਲੀ, ਮੱਖਣ ਸਿੰਘ ਚੀਮਾ, ਸਤਿਗੁਰ ਸਿੰਘ ਨਮੋਲ, ਪਰਮਜੀਤ ਸਿੰਘ ਮੈਦੇਵਾਸ, ਨਿਰਮਲ ਸਿੰਘ ਸ਼ਾਹਪੁਰ ਕਲ੍ਹਾਂ ਅਤੇ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ ਸਣੇ ਪ੍ਰਮੁੱਖ ਆਗੂਆਂ ਨੂੰ ਘਰਾਂ ’ਚੋਂ ਹੀ ਚੁੱਕ ਲਿਆ ਗਿਆ। ਉਧਰ ਰੇਲ ਪਟੜੀਆਂ ਰੋਕਣ ਲਈ ਪਿੰਡ ਕਿਲ੍ਹਾ ਭਰੀਆਂ ਵਿੱਚ ਇਕੱਠੇ ਹੋ ਕੇ ਨੇੜਲੇ ਪਿੰਡ ਭਰੂਰ ਪਹੁੰਚ ਰਹੇ ਕਿਸਾਨਾਂ ਦੀ ਜਿਵੇਂ ਹੀ ਪੁਲੀਸ ਨੂੰ ਭਿਣਕ ਪਈ ਤਾਂ ਵੱਡੀ ਗਿਣਤੀ ’ਚ ਭਰੂਰ ਪਹੁੰਚੇ ਕਿਸਾਨਾਂ ਨੂੰ ਗੱਡੀਆਂ ਬੱਸਾਂ ਵਿੱਚੋਂ ਉਤਰਦਿਆਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਵੱਖ-ਵੱਖ ਵਾਹਨਾਂ ਵਿਚ ਬਿਠਾ ਕੇ ਪੁਲੀਸ ਕਿਸੇ ਅਣਦੱਸੀ ਥਾਂ ‘ਤੇ ਲੈ ਗਈ। ਸੁਨਾਮ ਦੇ ਰੇਲਵੇ ਸਟੁਸ਼ਨ ’ਤੇ ਐੱਸ ਪੀ (ਐੱਚ) ਰਾਜੇਸ਼ ਛਿੱਬਰ ਅਤੇ ਐੱਸ ਪੀ (ਡੀ) ਦਵਿੰਦਰ ਅੱਤਰੀ ਦੀ ਅਗਵਾਈ ਵਿਚ ਪੁਲੀਸ ਤਾਇਨਾਤ ਰਹੀ।

ਜਮਹੂਰੀ ਅਧਿਕਾਰ ਸਭਾ ਵੱਲੋਂ ਗ੍ਰਿਫ਼ਤਾਰੀ ਦੀ ਨਿਖੇਧੀ

ਸੰਗਰੂਰ (ਗੁਰਦੀਪ ਸਿੰਘ ਲਾਲੀ): ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿਲ 2025 ਨੂੰ ਵਾਪਸ ਕਰਵਾਉਣ ਲਈ ਕਿਸਾਨ ਮਜਦੂਰ ਮੋਰਚਾ (ਭਾਰਤ) ਵੱਲੋਂ ਅੱਜ ਰੇਲਾਂ ਰੋਕਣ ਜਾ ਰਹੇ ਸੰਗਰੂਰ ਜ਼ਿਲ੍ਹੇ ਦੇ ਆਗੂਆਂ, ਵਰਕਰਾਂ ਅਤੇ ਔਰਤਾਂ ਨੂੰ ਗ੍ਰਿਫ਼ਤਾਰ ਕਰਨ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਨੇ ਨਿਖੇਧੀ ਕੀਤੀ ਹੈ। ਜ਼ਿਲ੍ਹਾ ਇਕਾਈ ਦੇ ਪ੍ਰਧਾਨ ਜਗਜੀਤ ਭੂਟਾਲ, ਜਨਰਲ ਸਕੱਤਰ ਕੁਲਦੀਪ ਸਿੰਘ, ਵਿਤ ਸੱਕਤਰ ਮਨਧੀਰ ਸਿੰਘ ਰਾਜੋਮਾਜਰਾ ਤੇ ਪ੍ਰੈੱਸ ਸਕੱਤਰ ਜੁਝਾਰ ਲੌਂਗੋਵਾਲ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰਨਾ ਸੰਵਿਧਾਨਿਕ ਅਤੇ ਜਮਹੂਰੀ ਹੱਕ ਹੈ। ਸੁਨਾਮ ਰੇਲਵੇ ਸਟੇਸ਼ਨ ’ਤੇ ਰੇਲਾਂ ਰੋਕਣ ਲਈ ਧਰਨਾ ਲਗਾਉਣਾ ਸੀ ਪਰ ਭਾਰੀ ਪੁਲੀਸ ਫੋਰਸ ਲਗਾ ਕੇ ਧਰਨਾ ਨਹੀਂ ਲੱਗਣ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਕਿਸਾਨਾਂ, ਵਰਕਰਾਂ ਅਤੇ ਔਰਤਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਬਿਜਲੀ ਬਿਲ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਦੇ ਮੈਂਬਰ ਕਰਨੈਲ ਸਿੰਘ ਛਾਜਲੀ, ਸੰਪੂਰਨ ਸਿੰਘ ਛਾਜਲੀ ਤੇ ਮਨਪ੍ਰੀਤ ਸਿੰਘ ਛਾਜਲੀ ਹਾਜ਼ਰ ਸਨ।

Advertisement
Show comments