ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਤੇ ਕਿਰਤੀਆਂ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਦੇ ਹੁਕਮਾਂ ਖ਼ਿਲਾਫ਼ ਡਟਣ ਦਾ ਐਲਾਨ

ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਗਦਰ ਮੈਮੋਰੀਅਲ ਭਵਨ ਵਿਖੇ ਹੋਈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 8 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਦੇ ਉਲੀਕੇ ਪ੍ਰੋਗਰਾਮ ਸਬੰਧੀ ਵਿਉਂਤਬੰਦੀ...
Advertisement

ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਗਦਰ ਮੈਮੋਰੀਅਲ ਭਵਨ ਵਿਖੇ ਹੋਈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 8 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਦੇ ਉਲੀਕੇ ਪ੍ਰੋਗਰਾਮ ਸਬੰਧੀ ਵਿਉਂਤਬੰਦੀ ਕੀਤੀ ਗਈ। ਮੀਟਿੰਗ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਵਿੱਤ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਹੜ੍ਹਾਂ ਕਾਰਨ ਪੰਜਾਬ ਦੀ ਤਕਰੀਬਨ ਪੰਜ ਲੱਖ ਏਕੜ ਜ਼ਮੀਨ ਅਤੇ ਹਜ਼ਾਰਾਂ ਘਰ ਤਬਾਹ ਹੋਏ ਹਨ ਪਰ ਨਾ ਕੇਂਦਰ ਸਰਕਾਰ ਵੱਲੋਂ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਪੀੜਤ ਲੋਕਾਂ ਨੂੰ ਅੱਜ ਤੱਕ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਸਗੋਂ ਇਸ ਮੁੱਦੇ ’ਤੇ ਰਾਜਨੀਤੀ ਕਰਦੇ ਹੋਏ ਇੱਕ ਦੂਜੇ ਖਿਲਾਫ ਸ਼ਬਦੀ ਜੰਗ ਛੇੜੀ ਹੋਈ ਹੈ। ਹੜ੍ਹ ਪੀੜਤਾਂ ਨੂੰ ਫੌਰੀ ਰਾਹਤ ਦੀ ਲੋੜ ਹੈ ਤੇ ਸਰਕਾਰ ਪੀੜਤਾਂ ਨੂੰ ਮੁਆਵਜ਼ਾ ਦੇਵੇ। ਇਸ ਤੋਂ ਬਿਨਾਂ ਹੜ੍ਹ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ, ਡੈਮਾਂ, ਦਰਿਆਵਾਂ ਦੀ ਡੀ ਸਿਲਟਿੰਗ ਕੀਤੀ ਜਾਵੇ, ਬੰਨ੍ਹ ਮਜ਼ਬੂਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਫੂਕਣ ’ਤੇ ਕਿਸਾਨਾਂ ਉਪਰ ਫੌਜਦਾਰੀ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ ਜਿਸ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਤੇ ਹੋਰ ਮੁੱਦੇ ਵੀ ਰੋਸ ਪ੍ਰਦਰਸ਼ਨ ਦੌਰਾਨ ਉਠਾਏ ਜਾਣਗੇ। ਆਗੂਆਂ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਝੋਨੇ ਦੀ ਪਰਾਲੀ ਸਬੰਧੀ ਦਰਜ ਕੀਤੇ ਕੇਸਾਂ ਵਿਚ ਦੋਸ਼ੀ ਕਰਾਰ ਦਿੱਤੇ ਜਾ ਰਹੇ ਕਿਸਾਨਾਂ ਦੇ ਹੱਕ ਵਿਚ ਡਟ ਕੇ ਪਹਿਰਾ ਦਿੱਤਾ ਜਾਵੇਗਾ । ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਪਰਾਲੀ ਦਾ ਹੱਲ ਫੌਜਦਾਰੀ ਕੇਸ ਦਰਜ ਕਰਨ ਦੀ ਬਜਾਏ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਵਿੰਟਲ ਬੋਨਸ ਜਾਂ ਕੋਈ ਠੋਸ ਹੱਲ ਕਰੇ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ 8 ਅਕਤੂਬਰ ਦੇ ਰੋਸ ਮੁਜ਼ਾਹਰੇ ਵਿਚ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਜਿਲ੍ਹਾ ਆਗੂ ਗੁਰਮੇਲ ਸਿੰਘ ਉਭਾਵਾਲ,ਗੁਰਜੀਤ ਸਿੰਘ, ਕਰਮਜੀਤ ਸਿੰਘ ਸਤੀਪੁਰਾ,ਦਰਸ਼ਨ ਸਿੰਘ, ਜੀਵਨ ਸਿੰਘ ਜਹਾਂਗੀਰ ਅਤੇ ਮਨਪ੍ਰੀਤ ਸਿੰਘ ਤੇ ਪਾਲ ਸਿੰਘ ਈਸਾਪੁਰ ਲੰਡਾ ਸਾਮਲ ਸਨ।

ਕਿਸਾਨਾਂ ਨੇ ਅਧਿਕਾਰੀਆਂ ਨੂੰ ਪਰਾਲੀ ਬਾਰੇ ਕੀਤੇ ਸਵਾਲ

Advertisement

ਧੂਰੀ (ਬੀਰਬਲ ਰਿਸ਼ੀ): ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨ ਜਥੇਬੰਦੀਆਂ, ਕੰਬਾਇਨ ਮਾਲਕਾਂ, ਬੇਲਰ ਮਾਲਕਾਂ ਅਤੇ ਪਿੰਡਾਂ ਦੇ ਸਰਪੰਚਾਂ ਦੀ ਐਸ ਡੀ ਐਮ ਧੂਰੀ ਰਿਸ਼ਵ ਜਿੰਦਲ ਵੱਲੋਂ ਬੁਲਾਈ ਮੀਟਿੰਗ ਵਿੱਚ ਕਿਸਾਨਾਂ ਨੇ ਆਪਣੇ ਨਜ਼ਰੀਏ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਈ ਸੁਆਲ ਰੱਖੇ। ਮੀਟਿੰਗ ਵਿਚ ਸ਼ਾਮਲ ਹੋਏ ਬੀਕੇਯੂ ਏਕਤਾ ਉਗਰਾਹਾਂ ਦੇ ਨੁਮਾਇੰਦੇ ਕਰਨੈਲ ਸਿੰਘ ਧੂਰੀ ਨੇ ਕਿਹਾ ਕਿ ਸਰਕਾਰਾਂ ਵਲੋਂ ਪਰਾਲੀ ਭੁਗਤਾਉਣ ਦੇ ਨਿਯਮ ਲਾਗੂ ਕਰਨ ਤੋਂ ਪਹਿਲਾਂ ਉਨ੍ਹਾਂ ਨਿਯਮਾਂ ਨੂੰ ਵਾਚਣਾ ਚਾਹੀਦਾ ਹੈ ਜੋ ਪਰਾਲੀ ਖਤਮ ਕਰਨ ਲਈ ਮੋਟੇ ਖਰਚੇ ਆਉਂਦੇ ਹਨ। ਉਨ੍ਹਾਂ ਫੈਕਟਰੀਆਂ ਤੇ ਹੋਰਨਾਂ ਵੱਲੋਂ ਕੀਤੇ ਪ੍ਰਦੂਸ਼ਣ ਦਾ ਵੀ ਮੁੱਦਾ ਚੁੱਕਿਆ। ਕਿਸਾਨ ਆਗੂ ਤੇ ਸਰਪੰਚ ਭਗਵਾਨ ਸਿੰਘ ਭਲਵਾਨ ਨੇ ਕਿਹਾ ਕਿ ਪਰਾਲੀ ਦੇ ਨਿਬੇੜੇ ਲਈ ਸਬਸਿਡੀ ’ਤੇ ਮਿਲਣ ਵਾਲੇ ਛੰਦ ਐਨੇ ਮਹਿੰਗੇ ਕਰ ਦਿੱਤੇ ਜਾਂਦੇ ਹਨ ਜਿਸ ਕਰਕੇ ਸਬੰਧਤ ਕਿਸਾਨਾਂ ਨੂੰ ਸਬਸਿਡੀ ਨਾਮ ਦੀ ਬਣ ਕੇ ਰਹਿ ਜਾਂਦੀ ਹੈ। ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਆਗੂ ਗੁਰਜੀਤ ਸਿੰਘ ਭੜੀ ਨੇ ਕਿਹਾ ਕਿ ਕੰਬਾਇਨ ਮਾਲਕਾਂ ਨੂੰ ਸੁਪਰ ਐਸਐਮਐਸ ਲਗਾਏ ਜਾਣ ਲਈ ਕਿਹਾ ਗਿਆ ਹੈ ਪਰ ਜੇਕਰ ਉਹ ਸੁਪਰ ਐਸਐਮਐਸ ਲਗਾਉਂਦੇ ਹਨ ਤਾਂ ਪਰਾਲੀ ਦੀਆਂ ਗੱਠਾਂ ਨਹੀਂ ਬੱਝ ਸਕਦੀਆਂ। ਇਸ ਦਾ ਹੱਲ ਦੱਸਿਆ ਜਾਵੇ। ਪਿੰਡ ਪੁੰਨਾਵਾਲ ਤੋਂ ਨੌਜਵਾਨ ਗੋਬਿੰਦਰ ਸਿੰਘ ਪੁੰਨਾਵਾਲ ਨੇ ਬੌਨਾ ਰੋਗ ਤੇ ਹਰ ਰੋਗਾਂ ਵਾਲੇ ਝੋਨੇ ਦਾ ਨਿਰੀਖਣ ਕਰਵਾਇਆ ਜਾਵੇ। ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਰਾਲੀ ਸਾੜਨ ਤੋਂ ਰੋਕਣ ਦੇ ਮਾਮਲੇ ’ਚ ਕਿਸਾਨਾਂ, ਕੰਬਾਈਨ ਮਾਲਕਾਂ ਤੇ ਸਰਪੰਚਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਗਈ। ਬਲਾਕ ਖੇਤੀਵਾੜੀ ਅਫਸਰ ਡਾ. ਅਮਨਦੀਪ ਕੌਰ ਨੇ ਪੁਖਤਾ ਪ੍ਰਬੰਧ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਗੱਠਾਂ ਬੰਨ੍ਹਣ ਲਈ ਪਿਛਲੀ ਵਾਰ 33 ਬੇਲਰ ਸਨ ਪਰ ਇਸ ਵਾਰ 14 ਹੋਰ ਲਗਾ ਕੇ ਕੁੱਲ 47 ਬੇਲਰ ਲਗਾਏ ਜਾਣਗੇ ਅਤੇ ਸਾਰੇ ਬੇਲਰ ਮਾਲਕਾਂ ਨੂੰ ਬਲਾਕ ਦੇ ਅੰਦਰ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਦੱਸਿਆ ਕਿ ਹਵਾ ਪ੍ਰਦੂਸ਼ਨ ਲਈ ਨਿਯਮ ਕਿਸਾਨਾਂ ਤੇ ਹੋਰਨਾਂ ਲਈ ਬਰਾਬਰ ਹਨ। ਐਸਡੀਐਮ ਰਿਸ਼ਵ ਜਿੰਦਲ ਨੇ ਰੁਝੇਵੇ ’ਚ ਹੋਣ ਕਾਰਨ ਫਿਰ ਗੱਲ ਕਰਨ ਦਾ ਫੋਨ ਸੰਦੇਸ਼ ਭੇਜਿਆ। ਕਿਸਾਨਾਂ ਨੇ ਕਿਹਾ ਕਿ ਅਧਿਕਾਰੀ ਜ਼ਮੀਨੀ ਹਕੀਕਤਾਂ ਤੋਂ ਬਿਨਾਂ ਨਿਯਮ ਬਣਾਉਂਦੇ ਹਨ ਪਰ ਕਿਸਾਨਾਂ ਨੂੰ ਇਨ੍ਹਾਂ ਨਿਯਮਾਂ ਕਾਰਨ ਬਹੁਤ ਮੁਸ਼ਕਲਾਂ ਤੇ ਆਰਥਿਕ ਮਾਰ ਹੇਠੋਂ ਲੰਘਣਾ ਪੈਂਦਾ ਹੈ, ਇਸ ਕਰ ਕੇ ਸਰਕਾਰ ਇਸ ਮਾਮਲੇ ’ਤੇ ਸਖਤੀ ਨਾ ਕਰੇ ਤੇ ਅਦਾਲਤ ਵੀ ਇਸ ਮਾਮਲੇ ’ਤੇ ਕਿਸਾਨਾਂ ਦਾ ਦੁੱਖ ਦਰਦ ਸਮਝੇ।

Advertisement
Show comments