ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਜਲੀ ਸੋਧ ਬਿੱਲ ਖ਼ਿਲਾਫ਼ ਨਿੱਤਰੇ ਕਿਸਾਨ ਤੇ ਮਜ਼ਦੂਰ

ਬਿੱਲ ਦੀਆਂ ਕਾਪੀਆਂ ਸਾਡ਼ੀਆਂ; ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ
ਸੰਗਰੂਰ ਵਿੱਚ ਬਿਜਲੀ ਸੋਧ ਬਿੱਲ ਖ਼ਿਲਾਫ਼ ਪਾਵਰਕੌਮ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ
Advertisement

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨ, ਮਜ਼ਦੂਰ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ ਵਿਰੁੱਧ ਸੋਹੀਆਂ ਰੋਡ ਸਥਿਤ ਪਾਵਰਕੌਮ ਦੇ ਉਪ ਮੰਡਲ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਬਿਜਲੀ ਸੋਧ ਬਿਲ ਦੀਆਂ ਕਾਪੀਆਂ ਫ਼ੂਕੀਆਂ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਬਿਜਲੀ ਸੋਧ ਬਿਲ-2025 ਤੁਰੰਤ ਰੱਦ ਕਰਨ ਦੀ ਮੰਗ ਕਰ ਰਹੇ ਸਨ। ਬੁਲਾਰਿਆਂ ਨੇ ਹਰ ਵਰਗ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਅਗਵਾਈ ਹੇਠ ਵੱਡੀ ਤਾਦਾਦ ਵਿਚ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਪਾਵਰਕੌਮ ਦੇ ਉਪ ਮੰਡਲ ਦਫ਼ਤਰ ਅੱਗੇ ਇਕੱਠੇ ਹੋਏ ਅਤੇ ਕਰੀਬ ਤਿੰਨ ਘੰਟੇ ਤੱਕ ਰੋਸ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਹਰ ਸਰਕਾਰੀ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੇ ਰਾਹ ਪੈ ਗਈ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲੋਕ ਹਿੱਤਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿਲ-2025 ਲਾਗੂ ਹੋਣ ਨਾਲ ਜਿਥੇ ਬਿਜਲੀ ਖੇਤਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਹੋ ਜਾਵੇਗਾ ਉਥੇ ਬਿਜਲੀ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਬੁਲਾਰਿਆਂ ਨੇ ਸਮੁੱਚੇ ਕਿਸਾਨਾਂ, ਮਜ਼ਦੂਰਾਂ, ਛੋਟੋ ਦੁਕਾਨਦਾਰਾਂ, ਮੁਲਾਜ਼ਮਾਂ ਸਮੇਤ ਹਰ ਵਰਗ ਨੂੰ ਕਿਸਾਨੀ ਸੰਘਰਸ਼ ਦੀ ਤਰਾਂ ਇੱਕਜੁੱਟ ਹੋ ਕੇ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ।

ਧੂਰੀ (ਬੀਰਬਲ ਰਿਸ਼ੀ): ਕਿਸਾਨ ਜਥੇਬੰਦੀਆਂ ਨੇ ‘ਬਿਜਲੀ ਸੋਧ ਬਿੱਲ 2025’ ਦਾ ਵਿਰੋਧ ਕਰਦਿਆਂ ਪੀ ਐਸ ਪੀ ਸੀ ਐਲ ਦੇ ਧੂਰੀ, ਰੰਗੀਆਂ ਅਤੇ ਕਾਂਝਲਾ ਦਫ਼ਤਰਾਂ ਅੱਗੇ ਉਕਤ ਬਿੱਲ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਪੀ ਐਸ ਈ ਬੀ ਐਂਪਲਾਈਜ਼ ਜੋਆਇੰਟ ਫੋਰਮ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ।

Advertisement

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਡਵੀਜ਼ਨਲ ਬਿਜਲੀ ਬੋਰਡ ਦੇ ਦਫਤਰ ਅੱਗੇ ਧਰਨਾ ਦੇਣ ਉਪਰੰਤ ਬਿਜਲੀ ਸੋਧ ਬਿਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ।

ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਬਿਜਲੀ ਸੋਧ ਬਿੱਲ-2025 ਦੇ ਖਰੜੇ ਖਿਲ਼ਾਫ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਐਕਸੀਅਨ ਪਾਵਰਕੌਮ ਮਾਲੇਰਕੋਟਲਾ ਸਮੇਤ ਜ਼ਿਲ੍ਹੇ ਅੰਦਰ ਛੇ ਥਾਵਾਂ ’ਤੇ ਪਾਵਰਕੌਮ ਦਫਤਰਾਂ ਅੱਗੇ ਧਰਨੇ ਦਿੱਤੇ।

ਸਮਾਣਾ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਵੱਲੋਂ ਸਮਾਣਾ ਬਿਜਲੀ ਗਰਿੱਡ ‘ਚ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਕਤ ਬਿਲਾਂ ਦੀਆਂ ਕਾਪੀਆਂ ਸਾੜ ਕੇ ਬਿਲ ਵਾਪਸ ਲੈਣ ਦੀ ਮੰਗ ਕੀਤੀ।

ਪਾਤੜਾਂ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪਾਵਰਕੌਮ ਡਿਵੀਜ਼ਨ ਪਾਤੜਾਂ ਦਾ ਘਿਰਾਓ ਕਰਕੇ ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ।

ਦੇਵੀਗੜ੍ਹ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਦੀਆਂ ਕਿਸਾਨ ਅਤੇ ਮੁਲਾਜ਼ਮ ਮਜ਼ਦੂਰ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਅੱਜ ਬਿਜਲੀ ਗਰਿੱਡ ਦੇਵੀਗੜ੍ਹ ਅੱਗੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ।

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਰਾਜਪੁਰਾ ਦੇ ਦਫਤਰ ਅੱਗੇ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ।

ਸੁਨਾਮ ਊਧਮ ਸਿੰਘ (ਬੀਰ ਇੰਦਰ ਸਿੰਘ ਬਨਭੌਰੀ): ਕਿਸਾਨ ਅਤੇ ਮਲਾਜ਼ਮ-ਪੈਨਸ਼ਨਰਜ਼ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਿਜਲੀ ਸੋਧ ਬਿੱਲ-2025 ਦੇ ਵਿਰੋਧ ਵਿੱਚ ਸਥਾਨਕ ਪਾਵਰਕੌਮ ਦੇ ਐੱਸ ਡੀ ਓ ਦਿਹਾਤੀ ਦੇ ਦਫਤਰ ਅੱਗੇ ਧਰਨਾ ਦੇ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਲਹਿਰਾਗਾਗਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚ ਦੇ ਸੱਦੇ ਉੱਤੇ ਲਹਿਰਾਗਾਗਾ ਦੀ ਦਿਹਾਤੀ ਸਬ ਡਿਵੀਜ਼ਨ ਦੇ ਦਫ਼ਤਰ ਮੂਹਰੇ ਕਿਸਾਨ, ਬਿਜਲੀ ਬੋਰਡ, ਪੈਨਸ਼ਨਰਜ਼ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵਿਸ਼ਾਲ ਧਰਨਾ ਦਿੱਤਾ ਗਿਆ।

ਸੰਗਰੂਰ (ਲੌਂਗੋਵਾਲ) (ਨਿਜੀ ਪੱਤਰ ਪ੍ਰੇਰਕ): ਇਸੇ ਦੌਰਾਨ ਲੌਂਗੋਵਾਲ ਵਿੱਚ ਪਾਵਰਕੌਮ ਦੇ ਸਬ ਡਵੀਜ਼ਨ ਦਫ਼ਤਰ ਅੱਗੇ ਕਿਸਾਨਾਂ, ਬਿਜਲੀ ਮੁਲਾਜ਼ਮਾਂ ਅਤੇ ਮਜ਼ਦੂਰਾਂ ਵੱਲੋ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਬਿਲਾਂ ਦੀਆਂ ਕਾਪੀਆਂ ਫੂਕਦਿਆਂ ਰੋਸ ਪ੍ਰਦਰਸ਼ਨ ਕੀਤਾ।

ਗ਼ਰੀਬਾਂ ਕੋਲੋਂ ਬਿਜਲੀ ਖੋਹਣ ਦੀ ਸਾਜਿ਼ਸ਼: ਉਗਰਾਹਾਂ

ਦਿੜ੍ਹਬਾ ਵਿੱਚ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ।

ਦਿੜ੍ਹਬਾ (ਰਣਜੀਤ ਸਿੰਘ ਸ਼ੀਤਲ): ਸੰਯੁਕਤ ਕਿਸਾਨ ਮੋਰਚੇ ਵੱਲੋ ਬਿਜਲੀ ਬਿੱਲ 2025 ਦੇ ਵਿਰੋਧ ਵਿੱਚ ਪੰਜਾਬ ਦੇ ਸਾਰੇ ਸਬ ਡਿਵੀਜ਼ਨਾਂ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਗਏ ਜਿਸ ਮੌਕੇ ਬਲਾਕ ਦਿੜ੍ਹਬਾ ਵੱਲੋਂ ਬਲਾਕ ਦੋ ਥਾਵਾਂ ਤੇ ਐਸਡੀਓ ਦਾ ਦਫਤਰਾਂ ਅੱਗੇ ਧਰਨੇ ਦਿੱਤੇ ਗਏ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ। ਬੀ ਕੇ ਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਬਿੱਲ 2025 ਲੈ ਕੇ ਆਈ ਹੈ ਅਤੇ ਜੇਕਰ ਇਹ ਕਾਨੂੰਨ ਬਣ ਗਿਆ ਤਾਂ ਇਹ ਸਿਰਫ ਕਿਸਾਨਾਂ ਮਜ਼ਦੂਰਾਂ ਲਈ ਨਹੀਂ ਸਮੁੱਚੇ ਸਮਾਜ ਦੇ ਲੋਕਾਂ ਵਾਸਤੇ ਮਾਰੂ ਸਾਬਤ ਹੋਵੇਗਾ ਕਿਉਂਕਿ ਬਿਜਲੀ ਬਿੱਲ 2025 ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗਾ ਬਿਜਲੀ ਬਿੱਲ ਰਾਹੀਂ ਬਿਜਲੀ ਖੇਤਰ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਕਾਰਪੋਰੇਟ ਦੀ ਅੱਨੀ ਲੁੱਟ ਵਾਸਤੇ ਕੇਂਦਰ ਸਰਕਾਰ ਰਾਹ ਪੱਧਰਾ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ 2025 ਵਿੱਚ ਸਪਸ਼ਟ ਲਿਖਿਆ ਕਿ ਅਗਲੇ ਪੰਜ ਸਾਲਾਂ ਵਿੱਚ ਕਰਾਸ ਸਬਸਿਡੀ ਬਿਲਕੁਲ ਖਤਮ ਕਰ ਦੇਣੀ ਹੈ। ਇਸੇ ਤਰ੍ਹਾਂ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਤੇ ਘਰੇਲੂ ਖਪਤ ਲਈ ਲੋਕਾਂ ਨੂੰ ਮਿਲ ਰਹੀ ਫਰੀ 300 ਯੂਨਿਟ ਮਹੀਨਾ ਦੀ ਸਹੂਲਤ ਵੀ ਖਤਮ ਹੋਵੇਗੀ।

ਪਾਵਰਕੌਮ ਦਫ਼ਤਰ ਅੱਗੇ ਤਿੰਨ ਘੰਟੇ ਧਰਨਾ ਦਿੱਤਾ

ਪਟਿਆਲਾ (ਸਰਬਜੀਤ ਸਿੰਘ ਭੰਗੂ): ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਮੁਲਾਜਮਾਂ ਦੇ ਸਮਰਥਨ ਸਹਿਤ ਪਾਵਰਕੌਮ ਦੇ ਇਥੇ ਸਥਿਤ ਸਰਕਲ ਦਫ਼ਤਰ ਅੱਗੇ ਲਗਾਤਾਰ ਤਿੰਨ ਘੰਟੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕੇਂਦਰੀ ਹਕੂਮਤ ਦਾ ਪਿੱਟ ਸਿਆਪਾ ਕਰਦਿਆਂ ਬਿਜਲੀ ਬਿੱਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਧਰਨੇ ਨੂੰ ਰਾਮਿੰਦਰ ਸਿੰਘ ਪਟਿਆਲਾ, ਮਾਸਟਰ ਬਲਰਾਜ ਜੋਸ਼ੀ, ਰਾਮ ਸਿੰਘ ਮਟੋਰਡਾ, ਹਰਬੰਸ ਸਿੰਘ ਦਦਹੇੜਾ, ਦਵਿੰਦਰ ਸਿੰਘ ਪੂਨੀਆ, ਧਨਵੰਤ ਸਿੰਘ ਭੱਠਲ, ਵਿਜੇ ਦੇਵ, ਕਿਸ਼ਨ ਦੇਵ, ਸੁਖਵਿੰਦਰ ਸਿੰਘ, ਰਾਮ ਸਿੰਘ, ਸੰਦੀਪ ਖੱਤਰੀ, ਹੈਪੀ ਸਿੰਘ, ਮੰਗਤ ਸਿੰਘ ਅਤੇ ਗਗਨਪਰੀਤ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਸਰਕਾਰ ਵੱਲੋਂ ਬਿਜਲੀ ਬਿਲ ਰਾਹੀਂ ਬਿਜਲੀ ਦਾ ਸਮੁੱਚਾ ਪ੍ਰਬੰਧ ਪਰਾਈਵੇਟ ਕਰਕੇ ਬਿਜਲੀ ਦੀ ਸਬਸਿਡੀ ਖ਼ਤਮ ਕਰਨ ਦੀ ਚਾਲ ਦਾ ਸਖਤ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਬਿੱਲ ਤਹਿਤ ਬਿਜਲੀ ਖ਼ਪਤ ਲਈ ਸਮਾਰਟ ਮੀਟਰ ਲਾ ਕੇ ਪ੍ਰੀਪੇਡ ਕਰਕੇ, ਸਬਸਿਡੀ ਖ਼ਪਤਕਾਰ ਖਾਤਿਆਂ ਵਿਚ ਪਾਉਣ ਦਾ ਥੋੜ ਚਿਰਾਂ ਆਰਜ਼ੀ ਭਰਮਜਾਲ ਪਾਇਆ ਜਵੇਗਾ ਤੇ ਕੁਝ ਸਾਲਾਂ ਬਾਅਦ ਬਿਜਲੀ ਸਬਸਿਡੀ ਦਾ ਭੋਗ ਪਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸੀਡ ਬਿੱਲ ਰਾਹੀਂ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਬੀਜਾਂ ਤੇ ਕਾਰਪੋਰੇਟਸ ਦਾ ਏਕਾ ਅਧਿਕਾਰ ਕਰਵਾ ਕੇ ਖੇਤੀ ’ਤੇ ਕਬਜ਼ਾ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਦੇ ਦੋਵੇਂ ਬਿੱਲਾਂ ’ਤੇ ਚੁੱਪ ਵੱਟਣ ਦੀ ਸਖ਼ਤ ਨਿਖੇਧੀ ਕੀਤੀ ਗਈ।

Advertisement
Show comments